7.8 C
Toronto
Thursday, October 30, 2025
spot_img
Homeਭਾਰਤਹਰਭਜਨ ਸਿੰਘ ਨੇ ਅਫਗਾਨ ਸਿੱਖਾਂ ਤੇ ਗੁਰਦੁਆਰਿਆਂ 'ਤੇ ਹਮਲਿਆਂ ਦਾ ਮੁੱਦਾ ਰਾਜ...

ਹਰਭਜਨ ਸਿੰਘ ਨੇ ਅਫਗਾਨ ਸਿੱਖਾਂ ਤੇ ਗੁਰਦੁਆਰਿਆਂ ‘ਤੇ ਹਮਲਿਆਂ ਦਾ ਮੁੱਦਾ ਰਾਜ ਸਭਾ ਵਿਚ ਚੁੱਕਿਆ

ਅਫਗਾਨ ਸਿੱਖਾਂ ਦੀ ਤੇਜ਼ੀ ਨਾਲ ਘਟਦੀ ਆਬਾਦੀ ‘ਤੇ ਵੀ ਚਿੰਤਾ ਜਤਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਕ੍ਰਿਕਟਰ ਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੰਸਦ ਵਿੱਚ ਅਫ਼ਗ਼ਾਨਿਸਤਾਨ ਵਿੱਚ ਪਿਛਲੇ ਦਿਨੀਂ ਗੁਰਦੁਆਰਿਆਂ ਤੇ ਸਿੱਖਾਂ ‘ਤੇ ਹੋਏ ਹਮਲਿਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਅਫ਼ਗ਼ਾਨ ਸਿੱਖਾਂ ਦੀ ਤੇਜ਼ੀ ਨਾਲ ਘਟਦੀ ਆਬਾਦੀ ‘ਤੇ ਚਿੰਤਾ ਜ਼ਾਹਰ ਕੀਤੀ। ਉਪਰਲੇ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਹਰਭਜਨ ਸਿੰਘ ਨੇ ਹੈਰਾਨੀ ਜਤਾਈ ਕਿ ਸਿਰਫ਼ ਸਿੱਖਾਂ ‘ਤੇ ਹੀ ਹਮਲੇ ਕਿਉਂ ਹੋ ਰਹੇ ਹਨ।
ਸਾਬਕਾ ਕ੍ਰਿਕਟਰ ਨੇ ਕਿਹਾ, ”ਮੈਂ ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਤੇ ਗੁਰਦੁਆਰਿਆਂ ‘ਤੇ ਹਮਲਿਆਂ ਬਾਰੇ ਬੋਲਣ ਲਈ ਖੜ੍ਹਾ ਹੋਇਆ ਹਾਂ। ਇਹ ਕੋਈ ਅਜਿਹਾ ਮਸਲਾ ਨਹੀਂ, ਜਿਸ ਨਾਲ ਸਿਰਫ਼ ਕੁੱਲ ਆਲਮ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਬਲਕਿ ਇਹ ਇਕ ਸਿੱਖ ਹੋਣ ਦੀ ਪਛਾਣ ‘ਤੇ ਹਮਲਾ ਹੈ…ਅਜਿਹੇ ਹਮਲੇ ਸਿਰਫ਼ ਸਾਡੇ ‘ਤੇ ਹੀ ਕਿਉਂ ਹੁੰਦੇ ਹਨ।” ਸਿੰਘ ਨੇ ਕਿਹਾ, ”…ਸਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹੈ।”
‘ਆਪ’ ਮੈਂਬਰ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਆਬਾਦੀ ਤੇਜ਼ੀ ਨਾਲ ਘਟੀ ਹੈ।
ਹਰਭਜਨ ਸਿੰਘ ਨੇ ਕੋਵਿਡ-19 ਮਹਾਮਾਰੀ ਦਰਮਿਆਨ ਗੁਰਦੁਆਰਿਆਂ ਵੱਲੋਂ ਖੁਰਾਕ ਤੇ ਆਕਸੀਜਨ ਮੁਹੱਈਆ ਕਰਵਾਉਣ ਵਿੱਚ ਨਿਭਾਈ ਭੂਮਿਕਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਕੀਤੇ ਸੰਘਰਸ਼ ਵਿੱਚ ਸਿੱਖਾਂ ਦਾ ਯੋਗਦਾਨ ਕਿਸੇ ਤੋਂ ਲੁਕਿਆ ਨਹੀਂ ਹੈ।
ਦੇਸ਼ ਦੀ ਜੀਡੀਪੀ ਨੂੰ ਉਪਰ ਚੁੱਕਣ ਤੇ ਰੁਜ਼ਗਾਰ ਸਿਰਜਣਾ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਹਰਭਜਨ ਸਿੰਘ ਨੇ ਜ਼ੋਰ ਦੇ ਕੇ ਆਖਿਆ ਕਿ ਸਿੱਖ ਭਾਈਚਾਰੇ ਦੀ ਭਾਰਤ ਤੇ ਹੋਰਨਾਂ ਮੁਲਕਾਂ ਦਰਮਿਆਨ ਰਿਸ਼ਤਿਆਂ ਵਿੱਚ ਮਜ਼ਬੂਤ ਸਾਂਝ ਰਹੀ ਹੈ।
ਅਫਗਾਨ ਸਿੱਖਾਂ ਦਾ ਜਥਾ ਦਿੱਲੀ ਪੁੱਜਿਆ
110 ਸਿੱਖ ਹਾਲੇ ਵੀ ਅਫ਼ਗਾਨਿਸਤਾਨ ਵਿੱਚ ਫਸੇ
ਨਵੀਂ ਦਿੱਲੀ : ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਵਿੱਚ ਵਧ ਰਹੇ ਧਾਰਮਿਕ ਅੱਤਿਆਚਾਰ ਦੇ ਮੱਦੇਨਜ਼ਰ ਘੱਟ ਗਿਣਤੀਆਂ ਨੂੰ ਉੱਥੋਂ ਸੁਰੱਖਿਅਤ ਲਿਆਉਣ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ 30 ਅਫ਼ਗਾਨੀ ਸਿੱਖਾਂ ਦਾ ਜਥਾ ਬੁੱਧਵਾਰ ਨੂੰ ਕਾਬੁਲ ਤੋਂ ਦਿੱਲੀ ਪਹੁੰਚਿਆ। ਇਸ ਜਥੇ ਵਿੱਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਹਾਲੇ ਵੀ ਅਫ਼ਗਾਨਿਸਤਾਨ ਵਿੱਚ 110 ਸਿੱਖ ਫਸੇ ਹੋਏ ਹਨ, ਜਦਕਿ 61 ਈ-ਵੀਜ਼ਾ ਮਾਮਲੇ ਭਾਰਤ ਸਰਕਾਰ ਕੋਲ ਰੁਕੇ ਹੋਏ ਹਨ। ਇਸ ਤੋਂ ਪਹਿਲਾਂ ਕਾਬੁਲ ਤੋਂ 32 ਅਫ਼ਗਾਨ ਸਿੱਖਾਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਦੇ ਸਫ਼ਰ ਦਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਗਿਆ ਸੀ।

 

RELATED ARTICLES
POPULAR POSTS