4.3 C
Toronto
Friday, November 7, 2025
spot_img
Homeਭਾਰਤਫਰਾਂਸ ਤੋਂ ਰਾਫਾਲ ਲੜਾਕੂ ਜਹਾਜ਼ ਸਸਤੇ ਖਰੀਦੇ : ਸੀਤਾਰਮਨ

ਫਰਾਂਸ ਤੋਂ ਰਾਫਾਲ ਲੜਾਕੂ ਜਹਾਜ਼ ਸਸਤੇ ਖਰੀਦੇ : ਸੀਤਾਰਮਨ

ਕਿਹਾ – ਭਾਰਤੀ ਥਲ ਸੈਨਾ ਦੀ ਨਫਰੀ ਵਿਚ ਕਟੌਤੀ ਦੀ ਕੋਈ ਸੰਭਾਵਨਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫ਼ਾਲ ਲੜਾਕੂ ਜਹਾਜ਼ ਸਮਝੌਤੇ ਨੂੰ ਲੈ ਕੇ ਕਾਂਗਰਸ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਫਰਾਂਸ ਤੋਂ ਰਾਫ਼ਾਲ ਲੜਾਕੂ ਜਹਾਜ਼ ਪਿਛਲੀ ਯੂਪੀਏ ਹਕੂਮਤ ਵੱਲੋਂ ਤੈਅ ਕੀਤੇ ਭਾਅ ਨਾਲੋਂ 9 ਫੀਸਦ ਘੱਟ ਦਰ ‘ਤੇ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਵੱਲੋਂ ਮਿਥੇ ਭਾਅ ਮੁਤਾਬਕ ਸੌਦਾ ਕਰਦੇ ਤਾਂ ਸਿਰਫ਼ 18 ਲੜਾਕੂ ਜਹਾਜ਼ ਹੀ ਮਿਲਦੇ। ਰੱਖਿਆ ਮੰਤਰੀ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ‘ਚੰਗਾ ਮੁਕਾਬਲਾ’ ਹੋਵੇਗਾ ਤੇ ਉਨ੍ਹਾਂ ਬੜੇ ਯਕੀਨ ਨਾਲ ਕਿਹਾ ਕਿ ਭਾਜਪਾ ਆਮ ਚੋਣਾਂ ਨਾਲ ਮੁੜ ਸੱਤਾ ਵਿੱਚ ਵਾਪਸੀ ਕਰੇਗੀ। ਇਸ ਦੌਰਾਨ ਰੱਖਿਆ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਭਾਰਤੀ ਥਲ ਸੈਨਾ ਦੀ ਨਫ਼ਰੀ ਵਿੱਚ ਕਟੌਤੀ ਦੀ ਕੋਈ ਵੀ ਤਜਵੀਜ਼ ਉਨ੍ਹਾਂ ਦੇ ਵਿਚਾਰ ਅਧੀਨ ਨਹੀਂ ਹੈ। ਰੱਖਿਆ ਮੰਤਰੀ ਨੇ ਕਾਂਗਰਸ ਦੀ ਜੇਪੀਸੀ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਸਰਕਾਰ ਇਸ ਸਮਝੌਤੇ ਬਾਰੇ ਹਰ ਸਵਾਲ ਦਾ ਜਵਾਬ ਦੇ ਰਹੀ ਹੈ ਤੇ ਕਾਂਗਰਸ ਨੂੰ ਇਨ੍ਹਾਂ ਜਵਾਬਾਂ ਨੂੰ ਗੌਰ ਨਾਲ ਪੜ੍ਹਨਾ ਚਾਹੀਦਾ ਹੈ। ਕਾਂਗਰਸ ਵੱਲੋਂ ਰਾਫ਼ਾਲ ਲੜਾਕੂ ਜਹਾਜ਼ ਦੀ ਖਰੀਦ ਨੂੰ ਲੈ ਕੇ ਮੋਦੀ ਸਰਕਾਰ ‘ਤੇ ਲਾਏ ਜਾ ਰਹੇ ਦੋਸ਼ਾਂ ਬਾਰੇ ਰੱਖਿਆ ਮੰਤਰੀ ਨੇ ਕਿਹਾ, ‘ਅਸੀਂ ਇਨ੍ਹਾਂ ਦੋਸ਼ਾਂ ਦਾ ਇਹ ਕਹਿ ਕੇ ਪਹਿਲਾਂ ਹੀ ਜਵਾਬ ਦੇ ਚੁੱਕੇ ਹਾਂ ਕਿ ਤੁਹਾਡੇ (ਯੂਪੀਏ) ਵੱਲੋਂ ਹਾਸਲ ਮੂਲ ਕੀਮਤ ਨੂੰ ਜਦੋਂ ਅਸੀਂ ਸਾਨੂੰ (ਐਨਡੀਏ ਸਰਕਾਰ) ਮਿਲ ਰਹੀ ਮੂਲ ਕੀਮਤ (ਸਮੇਂ ਦੇ ਨਾਲ ਕੀਮਤਾਂ ਵਿਚ ਆਏ ਉਤਰਾਅ ਚੜ੍ਹਾਅ ਤੇ ਹੋਰਨਾਂ ਚੀਜ਼ਾਂ ਮੁਤਾਬਕ) ਨਾਲ ਮੇਲਦੇ ਹਾਂ ਤਾਂ ਇਹ ਸੌਦਾ 9 ਫੀਸਦ ਸਸਤਾ ਹੈ।’ ਰੱਖਿਆ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਭਾਰਤੀ ਥਲ ਸੈਨਾ ਦੀ ਨਫ਼ਰੀ ਵਿੱਚ ਕਟੌਤੀ ਸਬੰਧੀ ਕੋਈ ਵੀ ਤਜਵੀਜ਼ ਉਨ੍ਹਾਂ ਦੇ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਾਮਜ਼ਦ ਕਮੇਟੀ ਨੇ ਥਲ ਸੈਨਾ ਨੂੰ ਤਾਕਤਵਾਰ ਮਸ਼ੀਨ ਵਜੋਂ ਵਿਕਸਤ ਕਰਨ ਲਈ ਕੁਝ ਸਿਫਾਰਿਸ਼ਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਇਸ ਸਬੰਧੀ ਆਪਣੇ ਸਿਖਰਲੇ ਕਮਾਂਡਰਾਂ ਨਾਲ ਗੱਲਬਾਤ ਦਾ ਦੌਰ ਜਾਰੀ ਹੈ। ਇਥੇ ਇੰਡੀਅਨ ਵਿਮੈੱਨ ਪ੍ਰੈਸ ਕੋਰਪਸ (ਆਈਡਬਲਿਊਪੀਸੀ) ਦੇ ਪਰਸਪਰ ਪ੍ਰਭਾਵੀ ਸੈਸ਼ਨ ਮੌਕੇ ਇਕ ਸਵਾਲ ਦਾ ਜਵਾਬ ਦਿੰਦਿਆਂ ਰੱਖਿਆ ਮੰਤਰੀ ਨੇ ਕਿਹਾ, ‘ਥਲ ਸੈਨਾ ਦੀ ਨਫ਼ਰੀ ਵਿੱਚ ਕਟੌਤੀ ਦੀ ਕੋਈ ਤਜਵੀਜ਼ ਮੇਰੇ ਵਿਚਾਰ ਅਧੀਨ ਨਹੀਂ ਹੈ।’
ਸੌਦਾ ਸਸਤਾ ਸੀ ਤਾਂ 36 ਰਾਫ਼ਾਲ ਹੀ ਕਿਉਂ ਖਰੀਦੇ: ਐਂਟਨੀ
ਕਾਂਗਰਸ ਨੇ ਰਾਫ਼ਾਲ ਲੜਾਕੂ ਜਹਾਜ਼ ਸੌਦੇ ਦੇ ਅਮਲ ਵਿੱਚ ਨੇਮਾਂ ਨੂੰ ਛਿੱਕੇ ਟੰਗਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਨਿਸ਼ਾਨਾ ਬਣਾਇਆ। ਸਾਬਕਾ ਰੱਖਿਆ ਮੰਤਰੀ ਏ.ਕੇ.ਐਂਟਨੀ ਨੇ ਸਵਾਲ ਕੀਤਾ ਕਿ ਕੇਂਦਰ ਸਰਕਾਰ ਇਸ ਸਾਰੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਾਏ ਜਾਣ ਤੋਂ ਕਿਉਂ ਭੱਜ ਰਹੀ ਹੈ। ਐਂਟਨੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਖਰੀਦ ਸਮਝੌਤੇ ਰਾਹੀਂ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਦੇ ਕਹੇ ਮੁਤਾਬਕ ਉਨ੍ਹਾਂ ਨੂੰ ਇਹ ਸੌਦਾ ਇੰਨਾ ਸਸਤਾ ਪੈ ਰਿਹਾ ਸੀ ਤਾਂ ਫਿਰ ਉਨ੍ਹਾਂ ਫਰੈਂਚ ਕੰਪਨੀ ਕੋਲੋਂ 126 ਦੀ ਥਾਂ 36 ਲੜਾਕੂ ਜਹਾਜ਼ ਹੀ ਕਿਉਂ ਖਰੀਦੇ।

RELATED ARTICLES
POPULAR POSTS