ਐਮਰਜੈਂਸੀ ਤੇ ਸਾਕਾ ਨੀਲਾ ਤਾਰਾ ਇੰਦਰਾ ਗਾਂਧੀ ਦੀਆਂ ਵੱਡੀਆਂ ਭੁੱਲਾਂ
ਨਵੀਂ ਦਿੱਲੀ : ਵੈਟਰਨ ਕਾਂਗਰਸ ਆਗੂ ਕੇ ਨਟਵਰ ਸਿੰਘ ਦਾ ਖਿਆਲ ਹੈ ਕਿ ਇੰਦਰਾ ਗਾਂਧੀ ਨੇ ਆਪਣੇ ਕਾਰਜਕਾਲ ਦੌਰਾਨ ਦੋ ਵੱਡੀਆਂ ਗ਼ਲਤੀਆਂ ਕੀਤੀਆਂ ਸਨ- ਪਹਿਲੀ 1975 ਵਿੱਚ ਐਮਰਜੈਂਸੀ ਦਾ ਐਲਾਨ ਤੇ ਦੂਜੀ ਸਾਕਾ ਨੀਲਾ ਤਾਰਾ ਹੋਣ ਦੇਣਾ। ਇਨ੍ਹਾਂ ਨੂੰ ਛੱਡ ਕੇ ਉਹ ਇਕ ਮਹਾਨ ਪ੍ਰਧਾਨ ਮੰਤਰੀ ਸੀ ਤੇ ਪੁਰਖ਼ਲੂਸ ਮਾਨਵਵਾਦੀ ਵੀ। ਨਟਵਰ ਸਿੰਘ ਨੇ ਚਿੱਠੀਆਂ ਦੇ ਸੰਗ੍ਰਹਿ ‘ਤੇ ਅਧਾਰਤ ਆਪਣੀ ਨਵੀਂ ਕਿਤਾਬ ‘ਟ੍ਰਿਯਰਡ ਐਪਿਸਲਜ਼’ ਵਿੱਚ ਇੰਦਰਾ ਗਾਂਧੀ ਬਾਰੇ ਲਿਖਿਆ ”ਅਕਸਰ ਉਸ ਨੂੰ ਚੁੱਪ ਰਹਿਣੀ, ਤੁਨਕਮਿਜ਼ਾਜ ਤੇ ਬੇਰਹਿਮ ਆਖਿਆ ਗਿਆ ਹੈ। ਇਹ ਗੱਲ ਵੀ ਘੱਟ ਹੀ ਸੁਣਨ ਨੂੰ ਮਿਲੀ ਹੈ ਕਿ ਇਹ ਹਸੀਨ, ਖ਼ੈਰਖਾਹ, ਗ਼ੈਰਤਮੰਦ ਤੇ ਰੌਸ਼ਨ ਮਹਿਲਾ ਇਕ ਪੁਰਖਲੂਸ ਮਾਨਵਵਾਦੀ ਤੇ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਸੀ। ਉਸ ਨੂੰ ਹੁਸਨ, ਨਫ਼ਾਸਤ, ਅਦਾ, ਸੁਹਜ ਤੇ ਸਭ ਤੋਂ ਵਧ ਕੇ ਜਲੌਅ ਦੀਆਂ ਦਾਤਾਂ ਮਿਲੀਆਂ ਹੋਈਆਂ ਸਨ।” ਨਟਵਰ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਦੋ ਵੱਡੀਆਂ ਗ਼ਲਤੀਆਂ ਕੀਤੀਆਂ ਸਨ- ਇਕ, 1975 ਵਿੱਚ ਐਮਰਜੈਂਸੀ ਲਾਗੂ ਕਰਨੀ ਤੇ ਦੂਜੀ 1984 ਵਿੱਚ ਸਾਕਾ ਨੀਲਾ ਤਾਰਾ ਹੋਣ ਦੇਣਾ। ਉਂਜ, ਇਸ ਦੇ ਬਾਵਜੂਦ ਉਹ ਬਾਕਮਾਲ ਪ੍ਰਧਾਨ ਮੰਤਰੀ ਸੀ। ਇਸ ਕਿਤਾਬ ਵਿੱਚ ਇੰਦਰਾ ਗਾਂਧੀ, ਈਐਮ ਫੌਸਟਰ, ਸੀ ਰਾਜਾਗੋਪਾਲਾਚਾਰੀ, ਲਾਰਡ ਮਾਊਂਟਬੈਟਨ, ਜਵਾਹਰਲਾਲ ਨਹਿਰੂ ਦੀਆਂ ਦੋ ਭੈਣਾਂ ਵਿਜੈਲਕਸ਼ਮੀ ਪੰਡਿਤ ਤੇ ਕ੍ਰਿਸ਼ਨਾ ਹਥੀਸਿੰਗ, ਆਰ ਕੇ ਨਰਾਇਣਨ, ਨਿਰਾਦ ਸੀ ਚੌਧਰੀ, ਮੁਲਕ ਰਾਜ ਆਨੰਦ ਤੇ ਹਾਨ ਸੂਈਨ ਆਦਿ ਦੇ ਖ਼ਤ ਸ਼ਾਮਲ ਕੀਤੇ ਗਏ ਹਨ। ਨਟਵਰ ਸਿੰਘ ਨੇ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਦਾ ਉਸ ‘ਤੇ ਬਹੁਤ ਜ਼ਿਆਦ ਪ੍ਰਭਾਵ ਪਿਆ ਸੀ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …