‘ਮਨ ਕੀ ਬਾਤ’ ਵਿਚ ਸ਼ਹੀਦ ਊਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ‘ਮਨ ਕੀ ਬਾਤ’ ਰੇਡੀਓ ਪ੍ਰਸਾਰਨ ਪ੍ਰੋਗਰਾਮ ਦੌਰਾਨ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਜਨ ਅੰਦੋਲਨ ‘ਚ ਬਦਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ’ ਪ੍ਰੋਗਰਾਮ ਤਹਿਤ 13 ਤੋਂ 15 ਅਗਸਤ ਦਰਮਿਆਨ ‘ਹਰ ਘਰ ਤਿਰੰਗਾ’ ਦੀ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਆਪਣੇ ਘਰਾਂ ‘ਚ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਜਾਂ ਪ੍ਰਦਰਸ਼ਤ ਕਰਨ ਦੀ ਅਪੀਲ ਕਰਦਿਆਂ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਕਿਹਾ ਹੈ। ਉਨ੍ਹਾਂ ਲੋਕਾਂ ਨੂੰ 2 ਤੋਂ 15 ਅਗਸਤ ਤੱਕ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ‘ਤਿਰੰਗਾ’ ਨੂੰ ਪ੍ਰੋਫਾਈਲ ਤਸਵੀਰ ਵਜੋਂ ਲਗਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ 2 ਅਗਸਤ ਪਿੰਗਲੀ ਵੈਂਕਈਆ ਦਾ ਜਨਮ ਦਿਨ ਹੈ, ਜਿਨ੍ਹਾਂ ਕੌਮੀ ਝੰਡੇ ਦਾ ਡਿਜ਼ਾਈਨ ਤਿਆਰ ਕੀਤਾ ਸੀ।
ਮੋਦੀ ਨੇ ਕਿਹਾ ਕਿ ਉਹ ਇਸ ਮਹੋਤਸਵ ਦੇ ਜਨ ਅੰਦੋਲਨ ਦਾ ਰੂਪ ਲੈਣ ‘ਤੇ ਬਹੁਤ ਖੁਸ਼ ਹਨ, ਜਿਸ ‘ਚ ਦੇਸ਼ ਦੇ ਹਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਉਨ੍ਹਾਂ 15 ਅਗਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਭਾਰਤ ਦੀ ਆਜ਼ਾਦੀ ਦੇ 75 ਸਾਲ ਮੁਕੰਮਲ ਹੋਣ ਦੇ ਇਤਿਹਾਸਕ ਪਲ ਦੇ ਗਵਾਹ ਬਣਨ ਜਾ ਰਹੇ ਹਾਂ ਅਤੇ ਆਜ਼ਾਦੀ 75ਵੀਂ ਵਰ੍ਹੇਗੰਢ ਦੇ ਗਵਾਹ ਹੋਣਾ ਮੌਜੂਦਾ ਪੀੜ੍ਹੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਜੇਕਰ ਅਸੀਂ ਗੁਲਾਮੀ ਦੇ ਦੌਰ ‘ਚ ਪੈਦਾ ਹੋਏ ਹੁੰਦੇ ਤਾਂ ਅਸੀਂ ਇਸ ਦਿਨ ਦੀ ਕਲਪਨਾ ਕਿਵੇਂ ਕੀਤੀ ਹੁੰਦੀ, ਸਾਨੂੰ ਅਣਗਿਣਤ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨਾ ਹੋਵੇਗਾ। ਇਸ ਲਈ ਅਗਲੇ 25 ਸਾਲਾਂ ਦਾ ‘ਅੰਮ੍ਰਿਤ ਕਾਲ’ ਹਰ ਭਾਰਤੀ ਨਾਗਰਿਕ ਲਈ ‘ਕਰਤਵਯਾਕਾਲ’ ਹੋਣਾ ਚਾਹੀਦਾ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਮਹਾਨ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੱਸਿਆ ਕਿ ਆਜ਼ਾਦੀ ਅੰਦੋਲਨ ਦੇ ਇਤਿਹਾਸ ਨਾਲ ਜੁੜੇ 24 ਸੂਬਿਆਂ ਦੇ 75 ਰੇਲਵੇ ਸਟੇਸ਼ਨਾਂ ‘ਤੇ ਪ੍ਰੋਗਰਾਮ ਕੀਤੇ ਜਾਣਗੇ।