ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਅਤੇ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫ਼ੈੱਡਰੇਸ਼ਨ ਦੇ ਉਪ ਪ੍ਰਧਾਨ ਪ੍ਰਹਿਲਾਦ ਮੋਦੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਆਪਣੀਆਂ ਮੰਗਾਂ ਪ੍ਰਤੀ ਧਰਨਾ ਪ੍ਰਦਰਸ਼ਨ ਕੀਤਾ, ਜਿਸ ‘ਚ ਦੇਸ਼ ਭਰ ਦੇ ਵੱਡੀ ਗਿਣਤੀ ‘ਚ ਡੀਪੂ ਹੋਲਡਰਾਂ ਨੇ ਹਿੱਸਾ ਲਿਆ। ਇਸ ਮੌਕੇ ਡੀਪੂ ਹੋਲਡਰਾਂ ਦੇ ਸਾਹਮਣੇ ਆ ਰਹੀਆਂ ਸਮੱਸਿਆਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਵਿਰੋਧ ਪ੍ਰਦਰਸ਼ਨ ਸਮੇਂ ਓਂਕਾਰ ਨਾਥ ਝਾਅ (ਪ੍ਰਧਾਨ), ਬਿਸੰਭਰ ਵਾਸੂ (ਜਨਰਲ ਸਕੱਤਰ), ਪ੍ਰਹਿਲਾਦ ਮੋਦੀ (ਉਪ ਪ੍ਰਧਾਨ) ਤੋਂ ਇਲਾਵਾ ਹੋਰ ਕਈ ਨੇਤਾ ਤੇ ਹੋਰ ਲੋਕ ਸ਼ਾਮਿਲ ਹੋਏ। ਸਾਰੇ ਆਗੂਆਂ ਨੇ ਮੰਗ ਕੀਤੀ ਕਿ ਦੇਸ਼ ਭਰ ਦੇ ਸਾਰੇ ਡਿਪੂਆਂ ਦੇ ਹੋਲਡਰਾਂ ਨੂੰ ਇਕ ਦੇਸ਼, ਇਕ ਰਾਸ਼ਨ ਕਾਰਡ, ਇਕ ਕਮਿਸ਼ਨ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦੀਆਂ 9 ਮੰਗਾਂ ਹਨ, ਜਿਨ੍ਹਾਂ ਪ੍ਰਤੀ ਕੇਂਦਰ ਸਰਕਾਰ ਧਿਆਨ ਨਹੀਂ ਦੇ ਰਹੀ। ਇਸ ਮੌਕੇ ਯੂਨੀਅਨ ਦੇ ਕੌਮੀ ਸਹਾਇਕ ਸਕੱਤਰ ਕਰਮਜੀਤ ਅੜੈਚਾਂ ਨੇ ਪੰਜਾਬ ਦੇ ਡਿਪੂ ਧਾਰਕਾਂ ਦੀਆਂ ਮੰਗਾਂ ਰੱਖਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ।