ਪ੍ਰਿਅੰਕਾ ਗਾਂਧੀ ਨੇ ਮੋਦੀ ਦੀ ਚੌਕੀਦਾਰੀ ‘ਤੇ ਕਸਿਆ ਤਨਜ਼
ਕਿਹਾ – ਚੌਕੀਦਾਰ ਅਮੀਰਾਂ ਦੇ ਹੁੰਦੇ ਹਨ, ਕਿਸਾਨਾਂ ਦੇ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਵਲੋਂ ਲਗਾਤਾਰ ਹੋ ਰਹੇ ‘ਚੌਕੀਦਾਰ ਚੋਰ ਹੈ’ ਦੇ ਸਿਆਸੀ ਹਮਲੇ ਨੂੰ ਨਰਿੰਦਰ ਮੋਦੀ ਨੇ ਆਪਣੇ ਚੋਣ ਪ੍ਰਚਾਰ ਦੀ ਤਾਕਤ ਬਣਾਉਂਦਿਆਂ ਆਪਣੇ ਟਵਿੱਟਰ ਅਕਾਊਟ ਦਾ ਨਾਂ ‘ਨਰਿੰਦਰ ਮੋਦੀ ਚੌਕੀਦਾਰ’ ਰੱਖਿਆ। ਜਿਸ ਤੋਂ ਬਾਅਦ ਸਮੂਹ ਭਾਜਪਾਈ ਲੀਡਰਾਂ ਤੇ ਕੇਂਦਰੀ ਮੰਤਰੀਆਂ ਵਿਚ ਇਸ ਗੱਲ ਦੀ ਹੋੜ ਲੱਗ ਗਈ ਕਿ ਸਭ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਾਂ ‘ਤੇ ਆਪਣੇ ਨਾਵਾਂ ਨਾਲ ‘ਚੌਕੀਦਾਰ’ ਜੋੜ ਲਿਆ।
ਇਸੇ ਦੌਰਾਨ ਗੰਗਾ ਯਾਤਰਾ ਦੌਰਾਨ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸਿਰਸਾ ਪਹੁੰਚੀ। ਉਨ੍ਹਾਂ ਸਿਰਸਾ ਘਾਟ ਦੇ ਨੇੜੇ ਇਕ ਸਮਾਗਮ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਾਮ ਦੇ ਅੱਗੇ ਚੌਕੀਦਾਰ ਲਗਾਉਣ ਨੂੰ ਲੈ ਕੇ ਕਿਹਾ ਕਿ, ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਆਪਣੇ ਨਾਮ ਅੱਗੇ ਜੋ ਮਰਜ਼ੀ ਲਗਾਉਣ। ਪ੍ਰਿਅੰਕਾ ਨੇ ਦੱਸਿਆ ਕਿ ਮੈਨੂੰ ਕਿਸਾਨ ਭਰਾ ਨੇ ਕਿਹਾ ਕਿ ਚੌਕੀਦਾਰ ਤਾਂ ਅਮੀਰਾਂ ਦੇ ਹੁੰਦੇ ਹਨ, ਅਸੀਂ ਕਿਸਾਨ ਤਾਂ ਆਪਣੇ ਖੁਦ ਹੀ ਚੌਕੀਦਾਰ ਹਾਂ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਘਰ ਤੋਂ ਬਾਹਰ ਨਿਕਲੀ ਹਾਂ ਕਿਉਂਕਿ ਦੇਸ਼ ਸੰਕਟ ਵਿਚ ਹੈ ਅਤੇ ਜਨਤਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਪ੍ਰਿਅੰਕਾ ਨੇ ਕਿਹਾ ਕਿ 45 ਸਾਲਾਂ ਵਿਚ ਰੁਜ਼ਗਾਰ ਸਬੰਧੀ ਏਨਾ ਮਾੜਾ ਹਾਲ ਕਦੀ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪ੍ਰਧਾਨ ਮੰਤਰੀ ਨੇ ਭਾਜਪਾ ਆਗੂਆਂ ਨੂੰ ਨਵਾਂ ਹੋਕਾ ਦਿੱਤਾ ਹੈ ਕਿ ਉਹ ਆਪਣੇ ਨਾਮ ਦੇ ਅੱਗੇ ਚੌਕੀਦਾਰ ਸ਼ਬਦ ਲਗਾਉਣ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …