4.3 C
Toronto
Wednesday, October 29, 2025
spot_img
Homeਭਾਰਤਆਲ ਇੰਡੀਆ ਰੇਡੀਓ ਮੁੜ ਸ਼ੁਰੂ ਕਰੇਗਾ ਪੰਜਾਬੀ ਸੇਵਾ

ਆਲ ਇੰਡੀਆ ਰੇਡੀਓ ਮੁੜ ਸ਼ੁਰੂ ਕਰੇਗਾ ਪੰਜਾਬੀ ਸੇਵਾ

ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੋਲਦੇ ਇਲਾਕਿਆਂ ਦੇ ਸਰੋਤਿਆਂ ਤੱਕ ਕੀਤੀ ਜਾਵੇਗੀ ਪਹੁੰਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਲ ਇੰਡੀਆ ਰੇਡੀਓ (ਏ.ਆਈ.ਆਰ.) ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਬੋਲਦੇ ਇਲਾਕਿਆਂ ਦੇ ਸਰੋਤਿਆਂ ਤੱਕ ਆਪਣੀ ਪਹੁੰਚ ਵਧਾਉਣ ਲਈ ਪੰਜਾਬੀ ਸੇਵਾ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਆਲ ਇੰਡੀਆ ਰੇਡੀਓ ਆਪਣੇ ਜਲੰਧਰ ਕੇਂਦਰ ਤੋਂ ਛੋਟੀ ਅਤੇ ਦਰਮਿਆਨੀ ਤਰੰਗ ਵਾਲੇ ਟ੍ਰਾਂਸਮੀਟਰਾਂ ਰਾਹੀਂ ਪੰਜਾਬੀ ਬੋਲੀ ਦੇ ਪ੍ਰੋਗਰਾਮ ਪ੍ਰਸਾਰਤ ਕਰਦਾ ਹੈ ਪਰ ਇਸ ਤਰੀਕੇ ਨਾਲ ਆਵਾਜ਼ ਸਾਫ਼ ਨਹੀਂ ਆਉਂਦੀ ਜਿਸ ਕਾਰਨ ਸਰੋਤੇ ਪਾਕਿਸਤਾਨੀ ਰੇਡੀਓ ਚੈਨਲਾਂ ਵੱਲ ਆਕਰਸ਼ਤ ਹੋ ਰਹੇ ਹਨ।
ਦੂਜੇ ਪਾਸੇ ਪਾਕਿਸਤਾਨ ਵਿਚ ਦਰਜਨਾਂ ਪੰਜਾਬੀ ਚੈਨਲ ਹਨ ਜੋ ਚੜ੍ਹਦੇ ਪੰਜਾਬ ਦੇ ਲੋਕਾਂ ਦਾ ਮਨ ਪਰਚਾਵਾ ਵੀ ਕਰਦੇ ਹਨ। ਇਕ ਅਧਿਕਾਰੀ ਨੇ ਕਿਹਾ, ”ਸਾਨੂੰ ਇਸ ਦਾ ਜਵਾਬ ਤਲਾਸ਼ਣ ਦੀ ਜ਼ਰੂਰਤ ਹੈ। ਪਾਕਿਸਤਾਨ ਅਤੇ ਭਾਰਤ ਵਿਚ ਪੰਜਾਬੀ ਸਰੋਤਿਆਂ ਲਈ ਵੱਖ-ਵੱਖ ਮਸਲਿਆਂ ‘ਤੇ ਪ੍ਰੋਗਰਾਮ ਪੇਸ਼ ਕਰਨੇ ਹੋਣਗੇ।” ਜਲੰਧਰ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਐਫ਼.ਐਮ. ਟ੍ਰਾਂਸਮੀਟਰਜ਼ ਰਾਹੀਂ ਵੀ ਪੰਜਾਬੀ ਸੇਵਾ ਸ਼ੁਰੂ ਕੀਤੀ ਜਾਵੇਗੀ ਜਿਸ ਨਾਲ ਸਰਹੱਦ ਤੋਂ 70 ਕਿਲੋਮੀਟਰ ਦੂਰ ਪਾਕਿਸਤਾਨ ਵਿਚ ਸਾਫ਼ ਆਵਾਜ਼ ਸੁਣਾਈ ਦੇਵੇਗੀ।
ਅੰਮ੍ਰਿਤਸਰ ਵਿਚ ਨਵੇਂ ਐਫ਼.ਐਮ. ਟ੍ਰਾਂਸਮੀਟਰ ਦੀ ਰੇਂਜ ਲਾਹੌਰ, ਗੁੱਜਰਾਂਵਾਲਾ ਅਤੇ ਸਿਆਲਕੋਟ ਇਲਾਕਿਆਂ ਤੱਕ ਪਹੁੰਚ ਸਕਦੀ ਹੈ ਜਿਥੇ ਪੰਜਾਬੀ ਬੋਲਣ ਵਾਲਿਆਂ ਦੀ ਸੰਘਣੀ ਆਬਾਦੀ ਹੈ। ਆਲ ਇੰਡੀਆ ਰੇਡੀਓ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਭਾਰਤ ਅਤੇ ਪਾਕਿਸਤਾਨ ਵੰਡੇ ਹੋਏ ਹਨ ਪਰ ਅਸੀ ਭਾਸ਼ਾ ਦੀ ਵੰਡ ਨਹੀਂ ਕਰ ਸਕਦੇ।
ਪੰਜਾਬੀ ਸੇਵਾ ਮੁੜ ਸ਼ੁਰੂ ਕਰਨ ਨਾਲ ਸਰਹੱਦ ਦੇ ਦੋਵੇਂ ਪਾਸੇ ਰਹਿਣ ਵਾਲੇ ਪੰਜਾਬੀ ਲੋਕ ਨੇੜੇ ਆਉਣਗੇ ਅਤੇ ਪਾਕਿਸਤਾਨੀ ਚੈਨਲਾਂ ਦੀ ਭਾਰਤ ਵਿਚ ਮਕਬੂਲੀਅਤ ਵਿਚ ਕਮੀ ਆਵੇਗੀ। ਸ਼ੁਰੂਆਤੀ ਤੌਰ ‘ਤੇ ਪੰਜਾਬੀ ਗੀਤਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਜਿਨ੍ਹਾਂ ਵਿਚ ਦੋਹਾਂ ਦੇਸ਼ਾਂ ਵਿਚ ਪ੍ਰਸਿੱਧ ਗੀਤ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਕਲਾਕਾਰਾਂ ਦੀ ਇੰਟਰਵਿਊ ਅਤੇ ਫ਼ੋਨ ਰਾਹੀਂ ਫ਼ਰਮਾਇਸ਼ੀ ਗੀਤ ਦੀ ਸੁਣਾਉਣ ਵਰਗੇ ਮਨੋਰੰਜਨ ਵਾਲੇ ਪ੍ਰੋਗਰਾਮ ਹੋਣਗੇ।

RELATED ARTICLES
POPULAR POSTS