ਗੋਆ ਪੁਲਿਸ ਸੂਤਰਾਂ ਨੇ ਕੀਤਾ ਦਾਅਵਾ
ਹਿਸਾਰ/ਬਿਊਰੋ ਨਿਊਜ਼ : ਸੋਨਾਲੀ ਫੋਗਾਟ ਹੱਤਿਆ ਕਾਂਡ ਦੇ ਮੁੱਖ ਆਰੋਪੀ ਸੁਧੀਰ ਸਾਂਗਵਾਨ ਨੇ ਰਿਮਾਂਡ ਦੇ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਆਰੋਪੀ ਨੇ ਹੱਤਿਆ ਦੀ ਸਾਜਿਸ਼ ਰਚਣ ਦੀ ਗੱਲ ਵੀ ਕਬੂਲ ਕਰ ਲਈ ਹੈ। ਗੋਆ ਪੁਲਿਸ ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ ਜਦਕਿ ਗੋਆ ਦੇ ਡੀਜੀਪੀ ਜਸਪਾਲ ਸਿੰਘ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਵੀ ਕੋਈ ਜਾਣਕਾਰੀ ਮਿਲੀ ਤਾਂ ਮੀਡੀਆ ਨੂੰ ਜ਼ਰੂਰ ਦੱਸਾਂਗੇ। ਪੁਲਿਸ ਸੂਤਰ ਅਨੁਸਾਰ ਸੁਧੀਰ ਸਾਂਗਵਾਨ ਹੀ ਸਾਜਿਸ਼ ਦੇ ਤਹਿਤ ਸੋਨਾਲੀ ਫੋਗਾਟ ਨੂੰ ਗੁਰੂਗ੍ਰਾਮ ਤੋਂ ਗੋਆ ਲਿਆਇਆ ਸੀ। ਜਦਕਿ ਗੋਆ ’ਚ ਸ਼ੂਟਿੰਗ ਦੀ ਕੋਈ ਯੋਜਨਾ ਨਹੀਂ ਸੀ। ਸੋਨਾਲੀ ਹੱਤਿਆ ਦੀ ਸਾਜਿਸ਼ ਬਹੁਤ ਪਹਿਲਾਂ ਹੀ ਰਚ ਲਈ ਗਈ ਸੀ। ਗੋਆ ਪੁਲਿਸ ਨੇ ਇਸ ਹੱਤਿਆ ਕਾਂਡ ਮਾਮਲੇ ਵਿਚ ਕੁੱਝ ਪੁਖਤਾ ਸਬੂਤ ਵੀ ਇਕੱਠੇ ਕੀਤੇ ਹਨ ਜੋ ਸੁਧੀਰ ਸਾਂਗਵਾਨ ਨੂੰ ਦੋਸ਼ੀ ਠਹਿਰਾਉਣ ਲਈ ਕਾਫ਼ੀ ਹਨ। ਉਥੇ ਹੀ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਛੇਤੀ ਤੋਂ ਛੇਤੀ ਚਾਰਜਸ਼ੀਟ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਹਨ।