
ਦੀਯਾ ਕੁਮਾਰੀ ਅਤੇ ਪੇ੍ਰਮ ਚੰਦ ਬੈਰਵਾ ਨੂੰ ਬਣਾਇਆ ਉਪ ਮੁੱਖ ਮੰਤਰੀ
ਜੈਪੁਰ/ਬਿਊਰੋ ਨਿਊਜ਼
ਭਾਜਪਾ ਆਗੂ ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਸਦੇ ਨਾਲ ਹੀ ਰਾਜਸਥਾਨ ’ਚ ਨਵੇਂ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਵੀ ਖਤਮ ਹੋ ਗਿਆ ਹੈ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਭਜਨ ਲਾਲ ਸ਼ਰਮਾ ਦੇ ਨਾਮ ’ਤੇ ਮੋਹਰ ਲੱਗੀ ਹੈ। ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਧਿਆਨ ਰਹੇ ਕਿ ਬ੍ਰਾਹਮਣ ਭਾਈਚਾਰੇ ਨਾਲ ਸਬੰਧਤ ਭਜਨ ਲਾਲ ਸ਼ਰਮਾ ਰਾਜਸਥਾਨ ਵਿਚ ਜੈਪੁਰ ਦੇ ਸਾਂਗਾਨੇਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਲਈ ਸੀ ਅਤੇ ਵਸੁੰਧਰਾ ਰਾਜੇ ਨੂੰ ਨਵੇਂ ਮੁੱਖ ਮੰਤਰੀ ਦਾ ਨਾਮ ਪੇਸ਼ ਕਰਨ ਲਈ ਮਨਾ ਲਿਆ ਸੀ। ਇਸਦੇ ਚੱਲਦਿਆਂ ਵਸੁੰਧਰਾ ਰਾਜੇ ਨੇ ਹੀ ਨਵੇਂ ਮੁੱਖ ਮੰਤਰੀ ਦੇ ਅਹੁਦੇ ਲਈ ਭਜਨ ਲਾਲ ਸ਼ਰਮਾ ਦੇ ਨਾਮ ਦੀ ਸਿਫਾਰਸ਼ ਕੀਤੀ ਅਤੇ ਇਸ ’ਤੇ ਸਹਿਮਤੀ ਵੀ ਬਣ ਗਈ। ਇਸਦੇ ਚੱਲਦਿਆਂ ਦੀਯਾ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ।