ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਹੈ ਚੋਣ ਗਠਜੋੜ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੀਆਂ ਅਗਾਮੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਹਰਿਆਣਾ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਨੇ ਦਿੱਲੀ ਵਿਚ 4 ਅਤੇ ਹਰਿਆਣਾ ਵਿਚ 1 ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਹੈ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਹੋ ਚੁੱਕਾ ਹੈ ਅਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਵਿਚੋਂ 4 ਅਤੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਵਿਚੋਂ 1 ਸੀਟ ’ਤੇ ਚੋਣ ਲੜਨੀ ਹੈ। ਇਸਦੇ ਚੱਲਦਿਆਂ ‘ਆਪ’ ਦੇ ਪਾਰਲੀਮੈਂਟਰੀ ਬੋਰਡ ਦੀ ਨਵੀਂ ਦਿੱਲੀ ਵਿਚ ਹੋਈ ਬੈਠਕ ਦੌਰਾਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸੇ ਤਹਿਤ ਨਵੀਂ ਦਿੱਲੀ ਹਲਕੇ ਤੋਂ ਸੋਮਨਾਥ ਭਾਰਤੀ, ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ, ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਅਤੇ ਦੱਖਣੀ ਦਿੱਲੀ ਤੋਂ ਸਹੀਰਾਮ ਨੂੰ ‘ਆਪ’ ਨੇ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ‘ਆਪ’ ਨੇ ਹਰਿਆਣਾ ਦੇ ਲੋਕ ਸਭਾ ਹਲਕਾ ਕੁਰੂਕਸ਼ੇਤਰ ਤੋਂ ਸੁਸ਼ੀਲ ਗੁਪਤਾ ਨੂੰੂ ਉਮੀਦਵਾਰ ਬਣਾਇਆ ਹੈ। ਇਸਦੇ ਚੱਲਦਿਆਂ ਕਾਂਗਰਸ ਨੇ ਦਿੱਲੀ ਵਿਚ 3 ਅਤੇ ਹਰਿਆਣਾ ਵਿਚ 9 ਲੋਕ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਨੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦਾ ‘ਇੰਡੀਆ’ ਗਠਜੋੜ ਦੇ ਤਹਿਤ ਕਾਂਗਰਸ ਨਾਲ ਸਮਝੌਤਾ ਹੈ ਅਤੇ ਇਹ ਸਮਝੌਤਾ ਪੰਜਾਬ ਵਿਚ ਅਜੇ ਤੱਕ ਸਿਰੇ ਨਹੀਂ ਚੜ੍ਹਿਆ ਹੈ।