ਪਟਨਾ ਤੇ ਦਿੱਲੀ ਸਣੇ 17 ਟਿਕਾਣਿਆਂ ’ਤੇ ਛਾਪੇਮਾਰੀ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ 17 ਟਿਕਾਣਿਆਂ ’ਤੇ ਅੱਜ ਸ਼ੁੱਕਰਵਾਰ ਨੂੰ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ। ਰੇਲਵੇ ਭਰਤੀ ਬੋਰਡ ਵਿਚ ਹੋਈ ਗੜਬੜੀ ਦੇ ਮਾਮਲੇ ਵਿਚ ਇਹ ਕਾਰਵਾਈ ਹੋਈ ਹੈ। ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਦੇ ਪਟਨਾ, ਗੋਪਾਲਗੰਜ ਅਤੇ ਦਿੱਲੀ ਸਥਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੇਲਵੇ ਵਿਚ ਭਰਤੀ ਹੋਏ ਵਿਅਕਤੀਆਂ ਦੇ ਘਰਾਂ ਵਿਚ ਵੀ ਸੀਬੀਆਈ ਨੇ ਛਾਪਾ ਮਾਰਿਆ ਹੈ। ਪਟਨਾ ਵਿਚ ਰਾਬੜੀ ਦੇਵੀ ਅਤੇ ਵੱਡੇ ਬੇਟੇ ਤੇਜਪ੍ਰਤਾਪ ਯਾਦਵ ਕੋਲੋਂ ਵੀ ਸੀਬੀਆਈ ਨੇ ਵੱਖ-ਵੱਖ ਤੌਰ ’ਤੇ ਪੁੱਛਗਿੱਛ ਕੀਤੀ ਹੈ। ਇਸ ਪੁੱਛਗਿੱਛ ਲਈ ਤਿੰਨ-ਤਿੰਨ ਅਫਸਰਾਂ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਲਾਲੂ ਯਾਦਵ ਕੋਲੋਂ ਵੀ ਰੇਲਵੇ ਵਿਚ ਹੋਈ ਭਰਤੀ ਦੇ ਮਾਮਲੇ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਰੇਲਵੇ ਭਰਤੀ ਬੋਰਡ ਘੁਟਾਲੇ ਨਾਲ ਜੁੜਿਆ ਹੋਇਆ ਹੈ। ਆਰੋਪ ਹੈ ਕਿ 2004 ਤੋਂ 2009 ਦੌਰਾਨ ਜਦ ਲਾਲੂ ਯਾਦਵ ਰੇਲ ਮੰਤਰੀ ਸਨ, ਉਸ ਸਮੇਂ ਦੌਰਾਨ ਨੌਕਰੀ ਲਗਵਾਉਣ ਦੇ ਬਦਲੇ ਵਿਚ ਜ਼ਮੀਨ ਅਤੇ ਫਲੈਟ ਲਏ ਗਏ ਸਨ। ਸੀਬੀਆਈ ਨੇ ਇਸੇ ਮਾਮਲੇ ਵਿਚ ਜਾਂਚ ਤੋਂ ਬਾਅਦ ਲਾਲੂ ਅਤੇ ਉਸਦੀ ਬੇਟੀ ਖਿਲਾਫ ਨਵਾਂ ਕੇਸ ਦਰਜ ਕੀਤਾ ਹੈ।