Breaking News
Home / ਪੰਜਾਬ / ਇਰਾਕ ‘ਚ ਨਾ ਵਰਕ ਪਰਮਿਟ ਮਿਲਿਆ ਨਾ ਨੌਕਰੀ, ਅਪਰਾਧੀਆਂ ਵਾਂਗ ਗੁਜ਼ਾਰੇ 8 ਮਹੀਨੇ

ਇਰਾਕ ‘ਚ ਨਾ ਵਰਕ ਪਰਮਿਟ ਮਿਲਿਆ ਨਾ ਨੌਕਰੀ, ਅਪਰਾਧੀਆਂ ਵਾਂਗ ਗੁਜ਼ਾਰੇ 8 ਮਹੀਨੇ

ਰੋਜ਼ਗਾਰ ਦੀ ਭਾਲ ‘ਚ ਇਰਾਕ ਗਏ ਸੱਤ ਪੰਜਾਬੀ ਦਰ-ਦਰ ਦੀਆਂ ਠੋਕਰਾਂ ਖਾ ਕੇ ਬੜੀ ਮੁਸ਼ਕਿਲ ਨਾਲ ਪਰਤੇ ਦੇਸ਼
ਫਗਵਾੜਾ : ਫਰਜ਼ੀ ਟਰੈਵਲ ਏਜੰਟ ਦੇ ਚੱਕਰ ਵਿਚ ਫਸ ਕੇ ਇਰਾਕ ਗਏ ਪੰਜਾਬੀ ਨੌਜਵਾਨਾਂ ਨੇ ਆਪਣੇ ਘਰ ਪਰਤ ਕੇ ਐਤਵਾਰ ਨੂੰ ਕੰਨਾਂ ਨੂੰ ਹੱਥ ਲਗਾਉਂਦਿਆਂ ਕਿਹਾ ਕਿ ਹੁਣ ਉਹ ਦੁਬਾਰਾ ਵਿਦੇਸ਼ ਜਾਣ ਦੇ ਚੱਕਰ ਵਿਚ ਫਰਜ਼ੀ ਟਰੈਵਲ ਏਜੰਟਾਂ ਦੇ ਜਾਲ ਵਿਚ ਨਹੀਂ ਫਸਣਗੇ। ਨੌਜਵਾਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਵਿਦੇਸ਼ ਦਾ ਲਾਲਚ ਦੇ ਕੇ ਪੰਜਾਬੀ ਨੌਜਵਾਨਾਂ ਨੂੰ ਠੱਗਣ ਵਾਲੇ ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕਿਉਂਕਿ ਇਨ੍ਹਾਂ ਦੇ ਚੱਕਰ ਵਿਚ ਸਿੱਧੇ-ਸਿੱਧੇ ਪੰਜਾਬੀ ਨੌਜਵਾਨਾਂ ਨੂੰ ਠੱਗਿਆ ਵੀ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿਚ ਵੀ ਪਾਈ ਜਾ ਰਹੀ ਹੈ।
ਇਰਾਕ ਤੋਂ ਪਰਤਣ ਤੋਂ ਬਾਅਦ ਐਤਵਾਰ ਨੂੰ ਫਿਲੌਰ ਵਿਖੇ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਪ੍ਰਰੈੱਸ ਕਾਨਫਰੰਸ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਇਰਾਕ ਵਿਚ ਫਸੇ ਹੋਣ ਦੀ ਸੂਚਨਾ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਕੈਬਨਿਟ ਮੰਤਰੀ ਹਬਰਸਿਮਰਤ ਕੌਰ ਬਾਦਲ ਸਾਹਮਣੇ ਇਹ ਮੁੱਦਾ ਉਠਾਇਆ ਸੀ। ਉਨ੍ਹਾਂ ਕੇਂਦਰ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਦਖਲ ਦੇ ਕੇ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਨੂੰ ਛੁਡਵਾਉਣ ਦੇ ਨਲਾ-ਨਾਲ ਇਰਾਕ ਤੋਂ ਪੰਜਾਬ ਤਕ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ।
ਇਰਾਕ ਤੋਂ ਪਰਤਣ ਤੋਂ ਬਾਅਦ ਰਣਦੀਪ ਕੁਮਾਰ ਪੁੱਤਰ ਰਾਮ ਲੁਭਾਇਆ, ਸੌਰਵ ਕੁਮਾਰ ਪੁੱਤਰ ਗੁਰਵਿੰਦਰ, ਸੰਦੀਪ ਕੁਮਾਰ ਪੁੱਤਰ ਜੋਗਿੰਦਰ, ਅਮਨਦੀਪ ਪੁੱਤਰ ਸਤਨਾਮ, ਕਮਲਜੀਤ ਪੁੱਤਰ ਸੋਹਣ ਲਾਲ ਫਗਵਾੜਾ, ਪ੍ਰਭਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਭੁਲੱਥ ਨੇ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਜਾਂਦੇ ਹੀ ਉਨ੍ਹਾਂ ਨੂੰ ਨੌਕਰੀ ਮਿਲ ਜਾਵੇਗੀ ਅਤੇ ਉਨ੍ਹਾਂ ਦੇ ਰਹਿਣ ਤੇ ਖਾਣ ਦਾ ਪ੍ਰਬੰਧ ਕੰਪਨੀ ਵੱਲੋਂ ਕੀਤਾ ਜਾਵੇਗਾ ਪਰ ਉਥੇ ਜਾਣ ਤੋਂ ਬਾਅਦ ਅਜਿਹਾ ਕੁਝ ਨਹੀਂ ਹੋਇਆ। ਕਈ ਦਿਨਾਂ ਬਾਅਦ ਉਨ੍ਹਾਂ ਨੂੰ ਕੰਮ ਦਿੱਤਾ ਗਿਆ ਪਰ ਨਾ ਹੀ ਖਾਣਾ ਅਤੇ ਰਹਿਣ ਲਈ ਜਗ੍ਹਾ। ਪੰਜ ਦਿਨ ਤਕ ਬਿਨਾ ਖਾਧੇ ਹੀ ਰਹਿਣ ਤੋਂ ਬਾਅਦ ਅੰਮ੍ਰਿਤਸਰ ਦੇ ਪਹਿਲਵਾਨ ਨਾਮਕ ਵਿਅਕਤੀ ਨੇ ਉਨ੍ਹਾਂ ਨੂੰ ਖਾਣਾ ਮੁਹੱਈਆ ਕਰਵਾਇਆ ਅਤੇ ਰਹਿਣ ਲਈ ਜਗ੍ਹਾ ਦਿੱਤੀ।
ਇਕ ਛੋਟੇ ਜਿਹੇ ਕਮਰੇ ਵਿਚ 22 ਨੌਜਵਾਨਾਂ ਨੂੰ ਰੱਖਿਆ ਗਿਆ ਸੀ। ਨਾ ਉਹ ਪੂਰੀ ਤਰ੍ਹਾਂ ਉਸ ਕਮਰੇ ਵਿਚ ਸੌਂ ਸਕਦੇ ਸਨ ਅਤੇ ਨਾ ਹੀ ਲੰਮੇ ਪੈ ਸਕਦੇ ਸਨ। ਦੋ ਫੁੱਟ ਜਗ੍ਹਾ ਵੀ ਇਕ ਨੌਜਵਾਨ ਨੂੰ ਲੰਮੇ ਪੈਣ ਲਈ ਮੁਸ਼ਕਲ ਨਾਲ ਨਸੀਬ ਹੁੰਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਇਕ ਵਕੀਲ ਨਾਲ ਮਿਲਵਾਇਆ ਅਤੇ ਵਕੀਲ ਨੇ 4700 ਡਾਲਰ ਲੈ ਕੇ ਕਿਹਾ ਕਿ ਉਹ ਉਨ੍ਹਾਂ ਦੇ ਮਾਮਲੇ ਦੀ ਪੈਰਵੀ ਕਰੇਗਾ। ਪੈਸੇ ਲੈਣ ਤੋਂ ਬਾਅਦ ਵੀ ਉਨ੍ਹਾਂ ਨੂੰ ਉਥੇ ਰਹਿਣ ਲਈ ਕਾਰਡ ਬਣਾ ਕੇ ਨਹੀਂ ਦਿੱਤਾ ਗਿਆ ਜਿਸ ਦੇ ਲਈ ਉਨ੍ਹਾਂ ਨੂੰ 20 ਡਾਲਰ ਜੁਰਮਾਨਾ ਦੇਣਾ ਪੈਂਦਾ ਸੀ। ਸਾਰੇ ਨੌਜਵਾਨਾਂ ਨੇ ਲਗਪਗ 1500 ਡਾਲਰ ਦੇ ਹਿਸਾਬ ਨਾਲ ਜੁਰਮਾਨਾ ਦਿੱਤਾ। ਉਸ ਤੋਂ ਬਾਅਦ ਮਾਮਲਾ ਅਦਾਲਤ ‘ਚ ਗਿਆ ਅਤੇ ਅਦਾਲਤ ਨੇ ਉਕਤ ਵਕੀਲ ਦਾ ਲਾਇਸੈਂਸ ਰੱਦ ਕਰ ਕੇ ਉਸ ਉਪਰ ਲਗਪਗ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
ਇੰਨੀ ਜ਼ਿੱਲਤ ਸਹਿਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਸਾਰੀ ਖਬਰ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾ ਸਕੇ ਜਿੱਥੋਂ ਉਨ੍ਹਾਂ ਨੇ ਬਲਦੇਵ ਸਿੰਘ ਖਹਿਰਾ ਦੇ ਸਹਿਯੋਗ ਨਾਲ ਇਰਾਕ ਤੋਂ ਪਰਤਣ ਵਿਚ ਉਨ੍ਹਾਂ ਦੀ ਮਦਦ ਕੀਤੀ। ਨੌਜਵਾਨਾਂ ਨੇ ਕਿਹਾ ਕਿ ਹੁਣ ਉਹ ਕਿਸੇ ਵੀ ਹਾਲਤ ਵਿਚ ਵਿਦੇਸ਼ ਨਹੀਂ ਜਾਣਗੇ, ਭਾਵੇਂ ਜੋ ਮਰਜ਼ੀ ਹੋ ਜਾਵੇ।
ਮੇਰਾ ਪੁੱਤ ਆ ਗਿਆ, ਮੈਂ ਇਹਨੂੰ ਕਿਤੇ ਵੀ ਨਹੀਂ ਜਾਣ ਦੇਣਾ
ਅੱਪਰਾ ਵਾਸੀ ਸੰਦੀਪ ਕੁਮਾਰ ਜਦੋਂ ਇਰਾਕ ਤੋਂ ਪਰਤਣ ਤੋਂ ਬਾਅਦ ਆਪਣੀ ਮਾਂ ਨੂੰ ਮਿਲਿਆ ਤਾਂ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਘਰ ਪਹੁੰਚਣ ‘ਤੇ ਸੰਦੀਪ ਦੀ ਮਾਂ ਨੇ ਪਹਿਲਾਂ ਘਰ ਦੇ ਬਾਹਰ ਹੀ ਤੇਲ ਤੇ ਪਾਣੀ ਪਾ ਕੇ ਪੁੱਤਰ ਦੀ ਨਜ਼ਰ ਉਤਾਰੀ। ਉਸ ਤੋਂ ਬਾਅਦ ਸੰਦੀਪ ਮਾਂ ਦੇ ਗਲੇ ਲਿਪਟ ਗਿਆ ਅਤੇ ਉਸ ਤੋਂ ਬਾਅਦ ਉਸ ਨੇ ਮਾਂ ਦੇ ਹੰਝੂ ਪੂੰਝੇ। ਪੁੱਤਰ ਦੇ ਪਰਤਣ ਤੋਂ ਬਾਅਦ ਮਾਂ ਨੇ ਸੁੱਖ ਦਾ ਸਾਹ ਲਿਆ ਅਤੇ ਬੋਲੀ, ਹੁਣ ਮੈਂ ਆਪਣੇ ਪੁੱਤ ਨੂੰ ਕਿਤੇ ਨਹੀਂ ਜਾਣ ਦੇਣਾ, ਵਿਦੇਸ਼ ਭੇਜਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਦੋ ਫੁੱਟ ‘ਚ ਗੁਜ਼ਾਰਨੀ ਪੈਂਦੀ ਸੀ ਰਾਤ
ਸੰਦੀਪ ਨੇ ਦੱਸਿਆ ਕਿ ਇਰਾਕ ਵਿਚ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਸਾਰੇ ਨੌਜਵਾਨਾਂ ਨੂੰ ਠੱਗ ਲਿਆ ਗਿਆ ਹੈ ਪਰ ਪਰਿਵਾਰਕ ਮੈਂਬਰਾਂ ਦੇ ਸੁਪਨੇ ਡਾਲਰਾਂ ‘ਚ ਬਦਲਣ ਦਾ ਇਰਾਦਾ ਲੈ ਕੇ ਉਥੇ ਪਹੁੰਚੇ ਸੰਦੀਪ ਦੇ ਪੈਰਾਂ ਥੱਲਿਓਂ ਉਸ ਸਮੇਂ ਜ਼ਮੀਨ ਖਿਸਕ ਗਈ ਜਦੋਂ ਪੰਜ ਦਿਨ ਬਾਅਦ ਉਨ੍ਹਾਂ ਨੂੰ ਸੌਣ ਲਈ ਦੋ ਫੁੱਟ ਦੀ ਜ਼ਮੀਨ ਵੀ ਮੁਸ਼ਕਲ ਨਾਲ ਨਸੀਬ ਹੋਈ। ਇਕ ਕਮਰੇ ਵਿਚ ਲਗਪਗ 20 ਤੋਂ 22 ਨੌਜਵਾਨਾਂ ਨੂੰ ਰੱਖਿਆ ਗਿਆ ਸੀ। ਧੱਕੇ ਮਾਰ-ਮਾਰ ਕੇ ਸੌਣ ਦੀ ਜਗ੍ਹਾ ਬਣਾਉਣੀ ਪੈਂਦੀ ਸੀ ਤੇ ਜੇ ਨੀਂਦ ਆ ਵੀ ਜਾਂਦੀ ਸੀ ਤਾਂ ਥੋੜ੍ਹੀ ਹੀ ਦੇਰ ਬਾਅਦ ਖੁੱਲ੍ਹ ਜਾਂਦੀ ਸੀ ਕਿਉਂਕਿ ਠੱਗੇ ਹੋਣ ਦਾ ਅਹਿਸਾਸ ਤੇ ਇਸ ਕੈਦਖਾਨੇ ਤੋਂ ਕਿਵੇਂ ਛੁਟਕਾਰਾ ਮਿਲੇ, ਇਸੇ ਚਿੰਤਾ ‘ਚ ਸਾਰਾ ਦਿਨ ਲੰਘ ਜਾਂਦਾ ਸੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …