Breaking News
Home / ਕੈਨੇਡਾ / ਮੋਟਰ-ਸਾਈਕਲ ਸ਼ੋਅ ਦੌਰਾਨ ਨਜ਼ਰ ਆਏ ਪਹਿਲੀ ਤੇ ਦੂਜੀ ਸੰਸਾਰ ਜੰਗ ਵੇਲੇ ਦੇ ਮੋਟਰ ਸਾਈਕਲ

ਮੋਟਰ-ਸਾਈਕਲ ਸ਼ੋਅ ਦੌਰਾਨ ਨਜ਼ਰ ਆਏ ਪਹਿਲੀ ਤੇ ਦੂਜੀ ਸੰਸਾਰ ਜੰਗ ਵੇਲੇ ਦੇ ਮੋਟਰ ਸਾਈਕਲ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿੱਚ ਨੌਰਥ ਅਮਰੀਕਾ ਦਾ ਇੱਕ ਵੱਡਾ ਮੋਟਰ-ਸਾਈਕਲ ਸ਼ੋਅ ਹੋਇਆ। ਜਿਸ ਵਿੱਚ ਜਿੱਥੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਮੇਂ ਦੇ ਮੋਟਰ ਸਾਈਕਲ ਨੁਮਾਇੰਸ਼ ਵਿੱਚ ਲੱਗੇ ਹੋਏ ਵੇਖੇ, ਉੱਥੇ ਹੀ ਆਧੁਨਿਕ ਕਿਸਮ ਦੇ ਹਜ਼ਾਰਾਂ ਹੀ ਮੋਟਰਸਾਈਕਲ ਇਸ ਸ਼ੋਅ ਵਿੱਚ ਨਜ਼ਰ ਆਏ। ਇਸ ਸ਼ੋਅ ਦੌਰਾਨ ਮੋਟਰ ਸਾਈਕਲ ਅਤੇ ਇਹਨਾਂ ਦੇ ਕਲਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਨੇ ਆਪੋ-ਆਪਣੀਆਂ ਕੰਪਨੀਆਂ ਦਾ ਸਾਜੋ-ਸਮਾਨ ਨੁਮਾਇੰਸ਼ ਵਿੱਚ ਲਗਾਇਆ ਹੋਇਆ ਸੀ। ਸਿੱਖ ਮੋਟਰ ਸਾਈਕਲ ਕਲੱਬ ਆਫ ਓਂਟਾਰੀਓ ਦੇ ਮੈਂਬਰਾਂ ਲਖਵਿੰਦਰ ਸਿੰਘ ਧਾਲੀਵਾਲ, ਖੁਸ਼ਵੰਤ ਸਿੰਘ ਬਾਜਵਾ, ਅੰਮ੍ਰਿਤਪਾਲ ਸਿੰਘ ਚੀਮਾ, ਇੰਦਰਜੀਤ ਸਿੰਘ ਜਗਰਾਉਂ, ਹਰਪਾਲ ਸਿੰਘ ਕੰਗ, ਬਲਜੀਤ ਸਿੰਘ ਕੰਗ, ਰਣਧੀਰ ਸਿੰਘ ਕਿੰਗ ਵਾਲੀਆ, ਜਸਬੀਰ ਸਿੰਘ ਹੁੰਦਲ, ਪ੍ਰਮਿੰਦਰ ਸਿੰਘ ਗਿੱਲ ਅਤੇ ਨਾਜ਼ਰ ਸਿੰਘ ਸੰਧੂ ਵੱਲੋਂ ਸਾਂਝੇ ਤੌਰ ‘ਤੇ ਇਸ ਸ਼ੋਅ ਵਿੱਚ ਲਾਏ ਸਟਾਲ ਤੇ਼ ਪੱਗ ਦੀ ਮਹੱਤਤਾ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਸੀ। ਜਿਸ ਬਾਰੇ ਅੰਮ੍ਰਿਤਪਾਲ ਸਿੰਘ ਚੀਮਾਂ, ਖੁਸ਼ਵੰਤ ਸਿੰਘ ਬਾਜਵਾ ਅਤੇ ਕਿੰਗ ਵਾਲੀਆ ਨੇ ਦੱਸਿਆ ਕਿ ਇਸ ਸ਼ੋਅ ਵਿੱਚ ਕੈਨੇਡਾ ਦੇ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਹਿੱਸਾ ਲੈ ਰਹੇ ਹਨ ਅਤੇ ਇੱਥੇ ਮੋਟਰ ਸਾਈਕਲਾਂ ਨਾਲ ਸਬੰਧਿਤ ਹਰ ਕਿਸਮ ਦਾ ਸਮਾਨ ਵੇਖਣ ਨੂੰ ਮਿਲ ਰਿਹਾ ਹੈ। ਦੂਜਾ ਇਹ ਕਿ ਇਹ ਇੱਕ ਬਾਜ਼ਾਰ ਦੀ ਤਰ੍ਹਾਂ ਵੀ ਹੈ ਜਿੱਥੇ ਲੋਕ ਖਰੀਦ-ਦਾਰੀ ਵੀ ਕਰ ਰਹੇ ਹਨ। ਇਸ ਮੌਕੇ ਕਨੇਡੀਅਨ ਆਰਮੀ, ਮੈਡੀਕਲ ਯੁਨਿਟ, ਪੁਲਿਸ ਸੇਵਾਵਾਂ ਲਈ ਵਰਤੇ ਜਾਣ ਵਾਲੇ ਪੁਰਾਣੇ ਅਤੇ ਨਵੇਂ ਮੋਟਰ ਸਾਈਕਲ ਵੀ ਇਸ ਸ਼ੋਅ ਵਿੱਚ ਵੇਖਣ ਨੂੰ ਮਿਲੇ। ਇਸ ਸ਼ੋਅ ਵਿੱਚ ਮੋਟਰ ਸਾਈਕਲ ਲਾਇਸੈਂਸ ਲੈਣ ਤੋਂ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾ ਰਹੀ ਸੀ ਇੱਥੋਂ ਤੱਕ ਕਿ ਬੀਮਾਂ ਕਰਨ ਵਾਲੀਆਂ ਕੰਪਨੀਆਂ ਵਾਲੇ ਵੀ ਆਪੋਆਪਣੇ ਸਟਾਲ ਲਾ ਕੇ ਬੈਠੇ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …