Breaking News
Home / ਕੈਨੇਡਾ / ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਤੇ ਐੱਫਬੀਆਈ ਸਕੂਲਾਂ ਦੀ ਸਾਂਝੀ ਗਰੈਜੂਏਸ਼ਨ ਸੈਰੀਮਨੀ

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਤੇ ਐੱਫਬੀਆਈ ਸਕੂਲਾਂ ਦੀ ਸਾਂਝੀ ਗਰੈਜੂਏਸ਼ਨ ਸੈਰੀਮਨੀ

ਬਰੈਂਪਟਨ/ਡਾ.ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਅਤੇ ਐੱਫ.ਬੀ.ਆਈ. ਸਕੂਲ ਵੱਲੋਂ ਵਿਦਿਆਰਥੀਆਂ ਦੀ ਸਾਂਝੀ ਗਰੈਜੂਏਸ਼ਨ ਸੈਰੀਮਨੀ ਦਾ ਪ੍ਰਭਾਵਸ਼ਾਲੀ ਸਮਾਗ਼ਮ ਬੀਤੇ 28 ਜੂਨ ਨੂੰ ਬਰੈਂਪਟਨ ਦੇ ਵਾਈ.ਐੱਮ.ਸੀ.ਏ. ਹਾਲ ਵਿਚ ਕੀਤਾ ਗਿਆ। ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਹਿਮਾਨਾਂ ਨੇ ਇਸ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ 20 ਮਈ ਨੂੰ ਆਯੋਜਿਤ ਕੀਤੀ ਗਈ ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ 2018 ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਨੂੰ ਵੀ ਮੈਡਲ ਅਤੇ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਡਿਪਲੋਮਾ ਸਰਟੀਫ਼ੀਕੇਟ ਅਤੇ ਇਨਾਮ ਵੰਡ ਸਮਾਗ਼ਮ ਦੀ ਕਾਰਵਾਈ ਆਰੰਭ ਕਰਦਿਆਂ ਹੋਇਆਂ ਮੰਚ-ਸੰਚਾਲਕ ਅਧਿਆਪਕਾ ਈਵਾ ਰੈਡਾਕੋਵਿਕ ਨੇ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਪ੍ਰਿੰਸੀਪਲ ਸੰਜੀਵ ਧਵਨ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ 2015 ਵਿਚ ਸ਼ੁਰੂ ਹੋਏ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੀ ਹੁਣ ਤੱਕ ਕਾਰਗ਼ੁਜ਼ਾਰੀ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਸਕੂਲ ਨੇ 2017 ਦੀ ‘ਫ਼ਰੇਜ਼ਰ ਇੰਸਟੀਚਿਊਟ ਰਿਪੋਰਟ’ ਅਨੁਸਾਰ ਜੀ.ਟੀ.ਏ. ਦੇ 3064 ਸਕੂਲਾਂ ਵਿੱਚੋਂ 10/10 ਅੰਕ ਲੈ ਕੇ ਪਹਿਲੀ ਪੋਜ਼ੀਸ਼ਨ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਸਕੂਲਾਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਐਕਸਟਰਾ ਕਰੀਕੁਲਰ ਐਕਟਿਵਿਟੀਜ਼ ਵਿਚ ਵੀ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਉਹ ਇੱਥੇ ਵਾਈ.ਐੱਮ.ਸੀ.ਏ. ਵਿਚ ਆ ਕੇ ਹਫ਼ਤੇ ਵਿਚ ਇਕ ਦਿਨ ਸਵਿੱਮਿੰਗ ਕਰਦੇ ਹਨ, ਮਾਰਸ਼ਲ ਆਰਟਸ ਅਤੇ ਹੋਰ ਕਈ ਖੇਡਾਂ ਵਿਚ ਹਿੱਸਾ ਲੈਂਦੇ ਹਨ। ਸਕੂਲਾਂ ਵਿਚ ਮਿਊਜ਼ਿਕ, ਕਲਾਸੀਕਲ ਡਾਂਸ, ਗਿੱਧਾ, ਭੰਗੜਾ ਆਦਿ ਸਿਖਾਉਣ ਦਾ ਪੁਖ਼ਤਾ ਪ੍ਰਬੰਧ ਹੈ ਅਤੇ ਵੱਖ-ਵੱਖ ਸਮਿਆਂ ‘ਤੇ ਵਿਦਿਆਰਥੀਆਂ ਦੇ ਬਾਹਰ ਦੂਸਰੇ ਸ਼ਹਿਰਾਂ ਅਤੇ ਦਿਲਚਸਪ ਥਾਵਾਂ ‘ਤੇ ਟੂਰ ਲਿਜਾਏ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ।
ਉਪਰੰਤ, ਵਿਦਿਆਰਥੀਆਂ ਦੀ ਗਰੈਜੂਏਸ਼ਨ ਸੈਰੀਮਨੀ ਦਾ ਅਹਿਮ ਭਾਗ ਸ਼ੁਰੂ ਹੋਇਆ ਜਿਸ ਵਿਚ ਉਨ੍ਹਾਂ ਨੂੰ ਪੜ੍ਹਾਈ ਵੱਖ-ਵੱਖ ਲੈਵਲ ਸਫ਼ਲਤਾ-ਪੂਰਵਕ ਪਾਸ ਕਰਨ ਦੇ ਡਿਪਲੋਮੇ ਅਤੇ ਮੈਡਲ ਦਿੱਤੇ ਗਏ। ਵਿਦਿਆਰਥੀਆਂ ਨੇ ਮੰਚ ‘ਤੇ ਆ ਕੇ ਆਪਣੇ ਅਧਿਆਪਕਾਂ ਨਾਲ ਹੱਥ ਮਿਲਾਏ ਅਤੇ ਉਨ੍ਹਾਂ ਨੂੰ ਫੁੱਲ, ਡਿਪਲੋਮੇ, ਅਤੇ ਇਨਾਮ ਦੇਣ ਦੀ ਸ਼ੁਭ-ਰਸਮ ਪੰਜਾਬ ਤੋਂ ਆਏ ਗੁਰੂ ਕਾਂਸ਼ੀ ਯੂਨੀਵਰਸਿਟੀ ਬਠਿੰਡਾ ਦੇ ਪ੍ਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ-ਮੁਕਤ ਲਾਇਬੇਰੀਅਨ ਡਾ. ਸੁਖਦੇਵ ਸਿੰਘ ਝੰਡ, ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਮੁਖੀ ਪਰਮਜੀਤ ਸਿੰਘ ਢਿੱਲੋਂ ਅਤੇ ਸੁਰਜੀਤ ਸਿੰਘ ਵੱਲੋਂ ਨਿਭਾਈ ਗਈ। ਗਰੇਡ-12 ਦੇ ਵਿਦਿਆਰਥੀਆਂ ਨੂੰ ਡਿਪਲੋਮੇ ਦੇਣ ਸਮੇਂ ਪ੍ਰਿੰ. ਧਵਨ ਵੱਲੋਂ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ਅਤੇ ਅੱਗੋਂ ਦੇਸ਼-ਵਿਦੇਸ਼ ਦੀਆਂ ਕਈ ਨਾਮੀ ਯੂਨੀਵਰਸਿਟੀਆਂ ਵਿਚ ਸਕਾਲਰਸ਼ਿਪ ਦੇ ਨਾਲ ਹੋਈ ਐਡਮਿਸ਼ਨ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਹਾਜ਼ਰੀਨ ਨੂੰ ਬਹੁਤ ਖ਼ੂਬਸੂਰਤ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ, ਪ੍ਰਿੰਸੀਪਲ ਧਵਨ ਅਤੇ ਅਧਿਆਪਕਾਂ ਵੱਲੋਂ ਛੇਵੀਂ ਇੰਸਪੀਰੇਸ਼ਨਲ ਸਟੈੱਪਸ ਵਿਚ ਹਿੱਸਾ ਲੈਣ ‘ਤੇ ਅਤਿਅੰਤ ਪ੍ਰਸੰਨਤਾ ਹੋਈ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਅੱਗੋਂ ਹੋਣ ਵਾਲੇ ਈਵੈਂਟਸ ਵਿਚ ਇਸ ਸਕੂਲ ਦੇ ਵਿਦਿਆਰਥੀ ਹੋਰ ਵੀ ਉਤਸ਼ਾਹ ਨਾਲ ਵਧੇਰੇ ਗਿਣਤੀ ਵਿਚ ਭਾਗ ਲੈਣਗੇ।
ਸਮਾਗ਼ਮ ਦੇ ਅਖ਼ੀਰ ਵਿਚ ਪ੍ਰਿੰਸੀਪਲ ਧਵਨ ਵੱਲੋਂ ਇਸ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਮਿਲ ਕੇ ਚਾਹ-ਪਾਣੀ ਦਾ ਅਨੰਦ ਲਿਆ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …