ਬੱਸ ਅੱਡਿਆਂ ‘ਤੇ ਖੜ੍ਹੀਆਂ ਬੀਬੀਆਂ ਨੂੰ ਦੇਖ ਕੇ ਬੱਸਾਂ ਨਹੀਂ ਰੋਕਦੇ ਡਰਾਈਵਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਵਲੋਂ ਲੰਘੀ ਇਕ ਅਪ੍ਰੈਲ ਤੋਂ ਬੀਬੀਆਂ ਨੂੰ ਸਰਕਾਰੀ ਬੱਸਾਂ ‘ਚ ਮੁਫਤ ਸਫਰ ਦੀ ਸਹੂਲਤ ਦਿੱਤੀ ਹੋਈ ਹੈ। ਹੁਣ ਸਰਕਾਰੀ ਬੱਸਾਂ ਵਿਚ ਜ਼ਿਆਦਾਤਰ ਗਿਣਤੀ ਬੀਬੀਆਂ ਦੀ ਹੀ ਦੇਖੀ ਜਾ ਰਹੀ ਹੈ, ਜਿਸ ਨੂੰ ਲੈ ਕੇ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਵੀ ਪ੍ਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ। ਇਸ ਮੁਫਤ ਬੱਸ ਸਫਰ ਦੀ ਸਹੂਲਤ ਤੋਂ ਪਹਿਲਾਂ ਪੰਜਾਬ ਦੀਆਂ ਬੀਬੀਆਂ ਬਹੁਤ ਖੁਸ਼ ਸਨ ਅਤੇ ਹੁਣ ਉਹਨਾਂ ਲਈ ਸਿਰਦਰਦੀ ਵੀ ਵਧਦੀ ਜਾ ਰਹੀ ਹੈ। ਸਿਰਦਰਦੀ ਇਸ ਲਈ ਕਿ ਹੁਣ ਬੱਸ ਅੱਡਿਆਂ ‘ਤੇ ਬੀਬੀਆਂ ਨੂੰ ਖੜ੍ਹੀਆਂ ਦੇਖ ਕੇ ਡਰਾਈਵਰ ਬੱਸਾਂ ਨਹੀਂ ਰੋਕਦੇ ਅਤੇ ਬੀਬੀਆਂ ਕਾਫੀ ਲੰਮਾ ਸਮਾਂ ਬੱਸਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਇਸ ਪ੍ਰੇਸ਼ਾਨੀ ਨੂੰ ਦੇਖਦਿਆਂ ਤਪਾ ਵਿਚ ਮਹਿਲਾਵਾਂ ਨੇ ਸੜਕ ‘ਤੇ ਧਰਨਾ ਵੀ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ।