ਟਰਾਲੀ ’ਚ ਸਵਾਰ ਤਿੰਨ ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜੀਆਂ
ਖਨੌਰੀ/ਬਿਊਰੋ ਨਿਊਜ਼
ਸੰਗਰੂਰ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਖੋਖਰ ਵਿੱਚੋਂ ਲੰਘੀ ਭਾਖੜਾ ਨਹਿਰ ਵਿਚ ਅੱਜ ਟਰੈਕਟਰ-ਟਰਾਲੀ ਡਿੱਗਣ ਕਾਰਨ ਤਿੰਨ ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਈਆਂ, ਜਦਕਿ ਟਰੈਕਟਰ ਡਰਾਈਵਰ ਸਮੇਤ ਕੁੱਝ ਔਰਤਾਂ ਨੂੰ ਬਚਾਅ ਲਿਆ ਗਿਆ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ 10 ਔਰਤਾਂ ਨਾਲ ਝੋਨੇ ਦੀ ਲਵਾਈ ਲਈ ਪਨੀਰੀ ਲੈ ਕੇ ਭਾਖੜਾ ਦੀ ਪਟੜੀ ’ਤੇ ਜਾ ਰਿਹਾ ਸੀ। ਮੋੜ ’ਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਟਰਾਲੀ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਿਆ। ਇਸੇ ਦੌਰਾਨ 2 ਔਰਤਾਂ ਤਾਂ ਪਹਿਲਾਂ ਹੀ ਬਾਹਰ ਛਾਲ ਮਾਰ ਗਈਆਂ, ਜਦਕਿ 8 ਔਰਤਾਂ ਅਤੇ ਡਰਾਈਵਰ ਨਹਿਰ ਵਿੱਚ ਡਿੱਗੇ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ 5 ਔਰਤਾਂ ਅਤੇ ਟਰੈਕਟਰ ਦੇ ਡਰਾਈਵਰ ਨੂੰ ਤਾਂ ਬਚਾਆ ਲਿਆ ਪ੍ਰੰਤੂ 3 ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਈਆਂ। ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਥਾਣਾ ਮੁਖੀ ਸੌਰਵ ਸੱਭਰਵਾਲ ਨੂੰ ਮੌਕੇ ’ਤੇ ਪਹੁੰਚ ਕੇ ਤੁਰੰਤ ਹਰ ਮਦਦ ਕਰਨ ਲਈ ਕਿਹਾ। ਥਾਣਾ ਮੁਖੀ ਖਨੌਰੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜਾਂ ਵਿਚ ਜੁਟ ਗਏ। ਭਾਖੜਾ ਦੇ ਤੇਜ਼ ਬਹਾਅ ਵਿੱਚ ਰੁੜੀਆਂ ਮਹਿਲਾਵਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ ਅਤੇ ਖਬਰਾਂ ਪੜ੍ਹੇ ਜਾਣ ਤੱਕ ਪਾਣੀ ਵਿਚ ਰੁੜੀਆਂ ਔਰਤਾਂ ਦੀ ਭਾਲ ਜਾਰੀ ਸੀ।