Breaking News
Home / ਪੰਜਾਬ / ਨੀਟੂ ਸ਼ਟਰਾਂ ਵਾਲੇ ਦੀ ਚਰਚਾ ਹੁਣ ਦੇਸ਼ ਤੇ ਵਿਦੇਸ਼ਾਂ ‘ਚ ਹੋਣ ਲੱਗੀ

ਨੀਟੂ ਸ਼ਟਰਾਂ ਵਾਲੇ ਦੀ ਚਰਚਾ ਹੁਣ ਦੇਸ਼ ਤੇ ਵਿਦੇਸ਼ਾਂ ‘ਚ ਹੋਣ ਲੱਗੀ

ਚੋਣਾਂ ਵਿਚ 856 ਵੋਟਾਂ ਹਾਸਲ ਕਰਨ ਵਾਲੇ ਨੀਟੂ ਨੂੰ ਮਿਲਿਆ ਜੇਤੂ ਉਮੀਦਵਾਰਾਂ ਨਾਲੋਂ ਵੱਧ ਸਤਿਕਾਰ
ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿਚ 856 ਵੋਟਾਂ ਹਾਸਲ ਕਰਕੇ ਆਪਣੀ ਜ਼ਮਾਨਤ ਤਕ ਨਾ ਬਚਾ ਸਕਣ ਵਾਲੇ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਦੀ ਚਰਚਾ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਹੋ ਰਹੀ ਹੈ। ਗਿਣਤੀ ਕੇਂਦਰ ਵਿਚੋਂ ਪਹਿਲੇ ਗੇੜ ਦੌਰਾਨ ਹੀ ਘਰਦਿਆਂ ਦੀਆਂ ਪੰਜ ਵੋਟਾਂ ਮਿਲਣ ਕਾਰਨ ਬਾਹਰ ਆ ਕੇ ਧਾਹੀਂ ਰੋਣ ਵਾਲੇ ਨੀਟੂ ਸ਼ਟਰਾਂ ਵਾਲੇ ਨੂੰ ਹੁਣ ਥਾਂ-ਥਾਂ ਸੱਦਿਆ ਜਾ ਰਿਹਾ ਹੈ ਤੇ ਉਸ ਨੂੰ ਕਿਸੇ ਜੇਤੂ ਉਮੀਦਵਾਰ ਤੋਂ ਵੱਧ ਆਦਰ ਤੇ ਸਤਿਕਾਰ ਮਿਲ ਰਿਹਾ ਹੈ।ਸੋਸ਼ਲ ਮੀਡੀਆ ਰਾਹੀਂ ਰਾਤੋ-ਰਾਤ ਸਟਾਰ ਬਣੇ ਨੀਟੂ ਸ਼ਟਰਾਂ ਵਾਲੇ ‘ਤੇ ਹੁਣ ਪੰਜਾਬੀ ਗਾਇਕਾਂ ਨੇ ਵੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਗਾਇਕ ਕੁਲਵਿੰਦਰ ਬਰਾੜ ਤੇ ਪਾਲੀ ਸਿੱਧੂ ਵੱਲੋਂ ਗਾਇਆ ਗੀਤ ‘ਵੇ ਤੂੰ ਨੀਟੂ ਸ਼ਟਰਾਂ ਵਾਲੇ ਵਾਂਗੂੰ ਹਉਕੇ ਲੈ-ਲੈ ਰੋਵੇਂਗਾ’ ਸੋਸ਼ਲ ਮੀਡੀਆ ‘ਤੇ ਹਿੱਟ ਹੋ ਰਿਹਾ ਹੈ। ਇਸ ਗੀਤ ਦਾ ਟਾਈਟਲ ‘ਨੀਟੂ ਸ਼ਟਰਾਂ ਵਾਲਾ ਵਰਸਿਜ਼ ਮੋਦੀ’ ਰੱਖਿਆ ਗਿਆ ਹੈ। ਇਸ ਦਾ ਸੰਗੀਤ ਐਮ ਵੀਰ ਨੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਉਸ ਨੂੰ ਗਾਇਕ ਮਾਸਟਰ ਸਲੀਮ, ਗਿੱਪੀ ਗਰੇਵਾਲ, ਪਰਮੀਸ਼ ਵਰਮਾ ਅਤੇ ਹੋਰ ਕਈ ਕਲਾਕਾਰਾਂ ਦੇ ਫੋਨ ਆ ਚੁੱਕੇ ਹਨ। ਦਿ ਗ੍ਰੇਟ ਖਲੀ ਦਲੀਪ ਸਿੰਘ ਨਾਲ ਤਾਂ ਉਸ ਦੀ ਮੁਲਾਕਾਤ ਵੀ ਹੋ ਚੁੱਕੀ ਹੈ ਤੇ ਖਲੀ ਨੇ ਭਰੋਸਾ ਦਿੱਤਾ ਹੈ ਕਿ ਭਵਿੱਖ ਵਿਚ ਜੇ ਉਹ ਚੋਣ ਲੜਿਆ ਤਾਂ ਉਸ ਦਾ ਚੋਣ ਪ੍ਰਚਾਰ ਉਹ ਆਪ ਕਰਨਗੇ। ਨੀਟੂ ਸ਼ਟਰਾਂ ਵਾਲਾ ਨੇ ਦੱਸਿਆ ਕਿ ਉਸ ਦੀ ਸਭ ਤੋਂ ਵੱਧ ਚਰਚਾ ਟਿਕ ਟੌਕ, ਵ੍ਹਟਸਐਪ, ਯੂ-ਟਿਊਬ ਅਤੇ ਫੇਸਬੁੱਕ ਰਾਹੀਂ ਤੇਜ਼ੀ ਨਾਲ ਹੋਈ ਹੈ। ਉਸ ਨੂੰ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਸਾਊਦੀ ਅਰਬ, ਦੁਬਈ ਤੇ ਯੂਰਪ ਦੇ ਕਈ ਦੇਸ਼ਾਂ ਵਿਚੋਂ ਆਰਥਿਕ ਮਦਦ ਦੇਣ ਦੇ ਫੋਨ ਆ ਚੁੱਕੇ ਹਨ ਤੇ ਉਨ੍ਹਾਂ ਨੂੰ ਵੀਜ਼ਾ ਭੇਜਣ ਦੀਆਂ ਪੇਸ਼ਕਸ਼ਾਂ ਵੀ ਆ ਚੁੱਕੀਆਂ ਹਨ। ਚੋਣਾਂ ਦੌਰਾਨ ਡੇਢ ਮਹੀਨਾ ਦੁਕਾਨ ਬੰਦ ਰਹਿਣ ਕਾਰਨ ਤੇ ਸਿਰ ‘ਤੇ ਕਰਜ਼ਾ ਚੜ੍ਹ ਜਾਣ ਕਾਰਨ ਪ੍ਰੇਸ਼ਾਨ ਨੀਟੂ ਸ਼ਟਰਾਂ ਵਾਲੇ ਨੂੰ ਹੁਣ ਲੋਕ ਆਰਥਿਕ ਸਹਾਇਤਾ ਵੀ ਭੇਜ ਰਹੇ ਹਨ। ਨੀਟੂ ਨੇ ਕਿਹਾ ਕਿ ਹੁਣ ਉਸ ਦੀ ਸ਼ਟਰਾਂ ਵਾਲੀ ਦੁਕਾਨ ਬੰਦ ਰਹਿੰਦੀ ਹੈ ਕਿਉਂਕਿ ਉਸ ਨੂੰ ਥਾਂ-ਥਾਂ ਲੋਕਾਂ ਦੇ ਬੁਲਾਵੇ ‘ਤੇ ਜਾਣਾ ਪੈਂਦਾ ਹੈ। ਇਕ ਟੈਂਟ ਹਾਊਸ ਵਾਲੇ ਨੇ ਉਸ ਨੂੰ ਆਪਣੀ ਗੱਡੀ ਦਿੱਤੀ ਹੋਈ ਹੈ, ਜਦੋਂ ਤਕ ਉਸ ਦੀ ਆਪਣੀ ਗੱਡੀ ਦਾ ਪ੍ਰਬੰਧ ਨਹੀਂ ਹੋ ਜਾਂਦਾ।
ਕੱਪੜਿਆਂ ਦੇ ਸ਼ੋਅਰੂਮ ਦਾ ਬਰਾਂਡ ਅੰਬੈਸਡਰ ਬਣਿਆ ਨੀਟੂ
ਲੁਧਿਆਣਾ : ਨੀਟੂ ਸ਼ਟਰਾਂ ਵਾਲੇ ਨੂੰ ਲੁਧਿਆਣਾ ਵਿਚ ਸਨਮਾਨਿਤ ਕੀਤਾ ਗਿਆ। ਲੁਧਿਆਣਾ ਦੇ ਰੈਡੀਮੇਡ ਕੱਪੜਿਆਂ ਦੇ ਇਕ ਸ਼ੋਅਰੂਮ ਦੇ ਮਾਲਕ ਨੇ ਉਸ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਨੀਟੂ ਸ਼ਟਰਾਂ ਵਾਲੇ ਦੇ ਸਾਰੇ ਕੱਪੜੇ ਤੇ ਕੁੜਤੇ ਪਜਾਮੇ ਉਹ ਬਣਾ ਕੇ ਦੇਣਗੇ। ਘੰਟਾ ਘਰ ਨੇੜੇ ਸਥਿਤ ਪਾਰਸ ਡਿਜ਼ਾਈਨਰ ਸ਼ੋਅਰੂਮ ਵਿਚ ਨੀਟੂ ਦੇ ਪੁੱਜਣ ਦੀ ਖ਼ਬਰ ਜਿਵੇਂ ਹੀ ਸ਼ਹਿਰ ਵਾਸੀਆਂ ਨੂੰ ਮਿਲੀ ਤਾਂ ਉੱਥੇ ਉਸ ਨੂੰ ਮਿਲਣ ਲਈ ਲੋਕਾਂ ਦੀ ਭੀੜ ਲੱਗ ਗਈ।

Check Also

ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਸਾਬਕਾ ਵਿਧਾਇਕ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ’ਚ ਹੋਏ ਸਨ ਸ਼ਾਮਲ ਲੁਧਿਆਣਾ/ਬਿਊਰੋ …