
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੰਗਲਵਾਰ ਨੂੰ ਸੂਬਾ ਸਰਕਾਰ ਦੀਆਂ ‘ਸਭ ਲਈ ਅਨਾਜ’ ਅਤੇ ‘ਮੇਰੀ ਰਸੋਈ’ ਯੋਜਨਾਵਾਂ ਦਾ ਘੇਰਾ ਵਿਸ਼ਾਲ ਕਰਦਿਆਂ 10 ਲੱਖ ਹੋਰ ਨਵੇਂ ਲਾਭਪਾਤਰੀਆਂ ਨੂੰ ਇਨ੍ਹਾਂ ਸਕੀਮਾਂ ਵਿਚ ਸ਼ਾਮਲ ਕਰਨ ਦਾ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਵਲੋਂ ਚੋਣ ਤਿਆਰੀਆਂ ਤੇਜ਼ ਕੀਤੇ ਜਾਣ ਦਰਮਿਆਨ ਇਹ ਫੈਸਲਾ ਖਾਸ ਤੌਰ ’ਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਵਿਚ ਪਾਰਟੀ ਲਈ ਵੱਡਾ ਸਿਆਸੀ ਹੁਲਾਰਾ ਸਾਬਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਵੰਡੀ ਜਾਂਦੀ ਕਣਕ ਦੇ ਨਾਲ-ਨਾਲ ਵਾਧੂ ਰਾਸ਼ਨ ਮੁਹੱਈਆ ਕਰਵਾਉਣ ਲਈ ਇਸੇ ਸਾਲ ਸ਼ੁਰੂ ਕੀਤੀ ਗਈ ‘ਮੇਰੀ ਰਸੋਈ’ ਯੋਜਨਾ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਮੁੱਖ ਧੁਰਾ ਬਣੀ ਹੋਈ ਹੈ। ਮੌਜੂਦਾ ਸਮੇਂ ਸੂਬੇ ਦੇ ਕਰੀਬ 1 ਕਰੋੜ 48 ਲੱਖ ਲਾਭ ਪਾਤਰੀ ਇਨ੍ਹਾਂ ਦੋਵੇਂ ਯੋਜਨਾਵਾਂ ਤਹਿਤ ਮੁਫਤ ਕਣਕ ਅਤੇ ਹੋਰ ਰਾਸ਼ਨ ਸਮੱਗਰੀ ਪ੍ਰਾਪਤ ਕਰ ਰਹੇ ਹਨ ਅਤੇ ਇਸ ਨਵੇਂ ਵਿਸਥਾਰ ਨਾਲ 10 ਲੱਖ ਹੋਰ ਲੋੜਵੰਦ ਵਿਅਕਤੀ ਇਸਦੇ ਦਾਇਰੇ ਵਿਚ ਜਾ ਜਾਣਗੇ।

