ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਕੇਂਦਰ ਦੀ ਇਹ ਸ਼ਰਤ ਮੰਨਣ ਤੋਂ ਇਨਕਾਰ ਦਿੱਤਾ ਹੈ ਕਿ ਬਿਜਲੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਵੇ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਹ ਬਿਜਲੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ’ਚ ਨਹੀਂ ਪਵੇਗੀ ਅਤੇ ਸੂਬੇ ਦੇ ਕਿਸਾਨਾਂ ਨੂੰ ਪਹਿਲਾਂ ਵਾਂਗ ਮੁਫ਼ਤ ਬਿਜਲੀ ਦਿੱਤੀ ਜਾਂਦੀ ਰਹੇਗੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਾਧੂ ਕਰਜ਼ ਲੈਣ ਲਈ ਲਗਾਈਆਂ ਸ਼ਰਤਾਂ ’ਚ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੀ ਰਕਮ ਸਿੱਧੀ ਖਾਤਿਆਂ ’ਚ ਪਾਉਣ ਦੀ ਸ਼ਰਤ ਨੂੰ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਕੁੱਲ ਘਰੇਲੂ ਉਤਪਾਦ ਦੀ ਤਿੰਨ ਫ਼ੀਸਦ ਕਰਜ਼ ਹੱਦ ਨੂੰ ਵਧਾ ਕੇ ਪਿਛਲੇ ਸਾਲ ਪੰਜ ਫ਼ੀਸਦ ਕਰ ਦਿੱਤਾ ਸੀ, ਪਰ ਇਸਦੇ ਨਾਲ ਹੀ ਕੁਝ ਸ਼ਰਤਾਂ ਵੀ ਲਗਾਈਆਂ ਸਨ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਿਜਲੀ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤਿਆਂ ’ਚ ਪਾਉਣ ਵਾਲੀ ਸ਼ਰਤ ਨੂੰ ਛੱਡ ਕੇ ਪੰਜਾਬ ਸਰਕਾਰ ਨੇ ਤਿੰਨ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਹਨ ਜਾਂ ਇਨ੍ਹਾਂ ਉੱਪਰ ਕੰਮ ਚੱਲ ਰਿਹਾ ਹੈ ਪਰ ਬਿਜਲੀ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤਿਆਂ ’ਚ ਨਹੀਂ ਪਾਈ ਜਾ ਸਕਦੀ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਕੇਂਦਰ ਸਰਕਾਰ ਨੇ ਪਿਛਲੇ ਵਿੱਤੀ ਵਰ੍ਹੇ ’ਚ ਸਾਰੇ ਸੂਬਿਆਂ ਦੀ ਆਮਦਨੀ ’ਚ ਆਈ ਘਾਟ ਨੂੰ ਦੇਖਦੇ ਹੋਏ ਦੋ ਫ਼ੀਸਦ ਵਾਧੂ ਕਰਜ਼ ਲੈਣ ਦੀ ਇਜਾਜ਼ਤ ਦਿੱਤੀ ਸੀ ਪਰ ਇਸ ਦੇ ਨਾਲ ਹੀ ਚਾਰ ਸ਼ਰਤਾਂ ਰੱਖੀਆਂ ਸਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਦੋ ਫ਼ੀਸਦ ਵਾਧੂ ਕਰਜ਼ ਲੈਣ ਦੀ ਸਹੂਲਤ ਪਿਛਲੇ ਸਾਲ ਹੀ ਦੇ ਦਿੱਤੀ ਸੀ ਪਰ ਅਸੀਂ ਇਹ ਕਰਜ਼ ਨਹੀਂ ਲਿਆ। ਇਸ ਵਾਰ ਵੀ ਅਸੀਂ ਇਹ ਸੋਚ ਸਮਝ ਕੇ ਹੀ ਲਵਾਂਗੇ। ਜੇਕਰ ਜ਼ਰੂਰਤ ਹੋਈ ਤਾਂ ਇਸ ਵਿੱਤੀ ਵਰ੍ਹੇ ਦੀ ਆਖਰੀ ਤਿਮਾਹੀ ’ਚ ਇਸ ਉੱਤੇ ਵਿਚਾਰ ਕੀਤਾ ਜਾਵੇਗਾ।