
ਕੇਂਦਰ ਸਰਕਾਰ ਵਲੋਂ ਜਲਦ ਟਿਕਟਿੰਗ ਸਿਸਟਮ ਸ਼ੁਰੂ ਕਰਨ ਦਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਨਿਰਮਾਣ ਵਿਭਾਗ ਦੇ ਕੇਂਦਰੀ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਐਲਾਨ ਕੀਤਾ ਹੈ ਕਿ ਦਿੱਲੀ ਦੀ ਮੌਜੂਦਾ ਸਰਕਾਰ, ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਸ਼ੀਸ਼ ਮਹਿਲ’ ਰਿਹਾਇਸ਼ ਨੂੰ ਆਮ ਲੋਕਾਂ ਦੇ ਦੇਖਣ ਲਈ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਤੱਕ ਆਮ ਲੋਕਾਂ ਲਈ ਫੇਰੀਆਂ ਦੀ ਰਿਜ਼ਰਵੇਸ਼ਨ ਵਾਸਤੇ ਇਕ ਟਿਕਟਿੰਗ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਇਕ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਨੇ ਕਿਹਾ ਕਿ ਜਨਤਕ ਮੰਗ ਨੂੰ ਦੇਖਦਿਆਂ ਅਸੀਂ ‘ਸ਼ੀਸ਼ ਮਹਿਲ’ ਨੂੰ ਆਮ ਲੋਕਾਂ ਦੇ ਦੌਰੇ ਲਈ ਖੋਲ੍ਹ ਰਹੇ ਹਾਂ। ਅਸੀਂ ਲੋਕਾਂ ਨੂੰ ਭਿ੍ਰਸ਼ਟਾਚਾਰ ਦੀ ਸਭ ਤੋਂ ਵੱਡੀ ਮਿਸਾਲ ਦਿਖਾਵਾਂਗੇ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ, ਜਿਸ ਨੇ ਕਿਹਾ ਸੀ ਕਿ ਉਹ ਸਰਕਾਰੀ ਗੱਡੀ ਵੀ ਨਹੀਂ ਵਰਤੇਗਾ, ਉਸ ਨੇ ਕਈ ਹੋਰ ਘਰਾਂ ਨੂੰ ਢਾਹ ਕੇ ਆਪਣੇ ਲਈ ਇਹ ਆਲੀਸ਼ਾਨ ਰਿਹਾਇਸ਼ ਤਿਆਰ ਕਰਵਾਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸ਼ੁਰੂ ਵਿਚ ਮੀਡੀਆ ਲਈ ਦੌਰੇ ਕਰਵਾਏ ਜਾਣਗੇ, ਜਦਕਿ ਬਾਅਦ ਵਿਚ ਆਮ ਲੋਕ ਟਿਕਟਾਂ ਖਰੀਦ ਕੇ ਇਸ ਰਿਹਾਇਸ਼ ਦੇ ਅੰਦਰੂਨੀ ਹਿੱਸੇ ਨੂੰ ਦੇਖ ਸਕਣਗੇ। ਦਿੱਲੀ ਦੇ ਫਲੈਗ ਸਟਾਫ ਰੋਡ ’ਤੇ ਸਥਿਤ ਬੰਗਲਾ ਨੰਬਰ 6, ਇੱਥੇ ਅਰਵਿੰਦ ਕੇਜਰੀਵਾਲ ਨੇ ਸਾਲ 2015 ਤੋਂ 2024 ਤੱਕ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਨਿਵਾਸ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕੇਜਰੀਵਾਲ ਵਲੋਂ ਕੀਤੇ ਗਏ ਭਿ੍ਰਸ਼ਟਾਚਾਰ ਨੂੰ ਉਜਾਗਰ ਕਰਨ ਲਈ ਭਾਜਪਾ ਨੇ ਇਸ ਨੂੰ ‘ਸ਼ੀਸ਼ ਮਹਿਲ’ ਦਾ ਨਾਂ ਦਿੱਤਾ ਸੀ।

