
ਨਵੀਂ ਦਿੱਲੀ/ਬਿਊਰੋ ਨਿੳਜ਼
ਮੇਟਾ ਪਲੇਟਫਾਰਮਜ਼ ਨੇ ਅੱਜ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਲਈ ਖ਼ਾਸ ਤੌਰ ’ਤੇ ਇੰਸਟਾਗ੍ਰਾਮ ਦੇ ਰਿਕਮੈਂਡੇਸ਼ਨ ਸਿਸਟਮ ਵਿੱਚ ਬਦਲਾਅ ਕੀਤੇ ਹਨ ਤਾਂ ਜੋ ਜਿਨਸੀ ਤੌਰ ’ਤੇ ਇਤਰਾਜ਼ਯੋਗ ਅਤੇ ਹਿੰਸਕ ਸਮੱਗਰੀ ਘੱਟ ਦਿਖਾਈ ਜਾਵੇ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਸਰਕਾਰ ਆਨਲਾਈਨ ਸਮੱਗਰੀ ’ਤੇ ਨਿਗਰਾਨੀ ਸਖ਼ਤ ਕਰ ਰਹੀ ਹੈ। ਮੇਟਾ ਨੇ ਕਿਹਾ ਕਿ ਉਸ ਨੇ ਵਰਤੋਂਕਾਰਾਂ ਦੀ ਫੀਡਬੈਕ ਦੇ ਆਧਾਰ ’ਤੇ ਪਿਛਲੇ ਇੱਕ ਸਾਲ ਦੌਰਾਨ ਡਿਫਾਲਟ ਸੁਰੱਖਿਆ ਉਪਾਵਾਂ ਵਿੱਚ ਸੁਧਾਰ ਕੀਤਾ ਹੈ। ਭਾਰਤ ਦੇ ਤਕਨਾਲੋਜੀ ਮੰਤਰਾਲੇ ਨੇ ਪਿਛਲੇ ਮਹੀਨੇ 10 ਅਕਤੂਬਰ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਮੇਟਾ ਨੂੰ ਆਪਣੀ ਰੈਂਕਿੰਗ ਅਤੇ ਰਿਕਮੈਂਡੇਸ਼ਨ ਪ੍ਰਣਾਲੀ ਦੀ ਸਮੀਖਿਆ ਕਰਨ ਲਈ ਕਿਹਾ ਸੀ, ਤਾਂ ਜੋ ਸੰਭਾਵੀ ਤੌਰ ’ਤੇ ਗੁੰਮਰਾਹਕੁੰਨ, ਤੋੜ-ਮਰੋੜ ਕੇ ਪੇਸ਼ ਕੀਤੀ ਗਈ ਜਾਂ ਪ੍ਰਸੰਗ ਤੋਂ ਹਟ ਕੇ ਦਿੱਤੀ ਗਈ ਸਮੱਗਰੀ ਨੂੰ ਬੇਲੋੜਾ ਉਤਸ਼ਾਹਿਤ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਸਿਆਸੀ ਸਮੱਗਰੀ ਨੂੰ ਘਟਾਉਣ ਲਈ ਕੈਨੇਡਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਆਪਣੇ ਫੇਸਬੁੱਕ ਪਲੇਟਫਾਰਮ ਦੀ ਸਮੱਗਰੀ ਰੈਂਕਿੰਗ ਵਿੱਚ ਵੀ ਬਦਲਾਅ ਕੀਤੇ ਹਨ।

