ਕਿਹਾ : ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਨਹੀਂ
ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਇਥੇ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਐਡਵੋਕੇਟ ਧਾਮੀ ਨੂੰ ਅਪੀਲ ਕੀਤੀ ਕਿ ਉਹ ਐਸਜੀਪੀਸੀ ਪ੍ਰਧਾਨ ਦਾ ਅਸਤੀਫ਼ਾ ਵਾਪਸ ਲੈਣ ਕਿਉਂਕਿ ਪੰਥ ਨੂੰ ਇਸ ਔਖੇ ਸਮੇਂ ਵਿਚ ਉਨ੍ਹਾਂ ਵਰਗੇ ਵਿਅਕਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਦੇ ਗਠਨ ਨੂੰ ਢਾਈ ਮਹੀਨੇ ਬੀਤ ਗਏ ਹਨ ਪਰ ਕਮੇਟੀ ਦਾ ਕੰਮ ਬਹੁਤ ਹੌਲੀ ਹੈ ਅਤੇ ਕਮੇਟੀ ਨੇ ਰਿਪੋਰਟ ਸੌਂਪੀ ਹੈ ਕਿ ਅਕਾਲੀ ਦਲ ਕਮੇਟੀ ਦਾ ਸਹਿਯੋਗ ਨਹੀਂ ਕਰ ਰਿਹਾ ਹੈ ਪਰ ਅਸੀਂ ਕਮੇਟੀ ਨੂੰ ਅਕਾਲੀ ਦਲ ਤੋਂ ਸਹਿਯੋਗ ਲੈਣ ਦੀ ਬਜਾਏ ਆਪਣੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਹੁਣ ਤੱਕ ਮੈਨੂੰ ਕਮੇਟੀ ਦੇ ਕਨਵੀਨਰ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਮਿਲਿਆ ਹੈ ਪਰ ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫ਼ਾ ਅਜੇ ਤੱਕ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਨੇ ਕਮੇਟੀ ਦੇ ਬਾਕੀ 5 ਮੈਂਬਰਾਂ ਨੂੰ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਜੇਕਰ ਇਹ ਦੋਵੇਂ ਮੈਂਬਰ ਕਮੇਟੀ ਦਾ ਹਿੱਸਾ ਨਹੀਂ ਹੋਣਗੇ ਤਾਂ ਆਉਣ ਵਾਲੇ ਦਿਨਾਂ ਵਿਚ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਭਰਤੀ ਕਮੇਟੀ ਦੀ ਅਗਵਾਈ ਕਰਨ ਲਈ ਇਨ੍ਹਾਂ 5 ਮੈਂਬਰਾਂ ਵਿਚੋਂ ਕੋਆਰਡੀਨੇਟਰ ਦੀ ਚੋਣ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੱਲ ਰਹੀ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਨਹੀਂ ਹੈ ਅਤੇ ਇਸ ਲਈ 5 ਮੈਂਬਰੀ ਕਮੇਟੀ ਜਲਦੀ ਹੀ 2 ਦਸੰਬਰ ਦੇ ਹੁਕਮਨਾਮੇ ਅਨੁਸਾਰ ਭਰਤੀ ਸ਼ੁਰੂ ਕਰੇਗੀ। 3/4 ਦਿਨਾਂ ਵਿਚ ਅਸੀਂ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਫੈਸਲਾ ਕਰਾਂਗੇ ਕਿਉਂਕਿ ਸਾਰੇ ਰਾਜਸਥਾਨ ਵਿਖੇ ਸੰਤ ਮਸਕੀਨ ਜੀ ਦੇ ਸਮਾਗਮ ਵਿਚ ਰੁੱਝੇ ਹੋਏ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਤੋਂ ਉਨ੍ਹਾਂ ਨੂੰ ਫਾਰਗ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਮਾਨ ਪਹਿਲਾਂ ਹੀ ਪੈਕ ਕਰ ਲਿਆ ਹੈ ਅਤੇ ਗੁਰੂ ਸਾਹਿਬ ਦੇ ਹੁਕਮਨਾਮੇ ਤੱਕ ਆਪਣੀ ਸੇਵਾ ਨਿਭਾਵਾਂਗੇ। ਗਿਆਨੀ ਹਰਪ੍ਰੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ 2 ਦਸੰਬਰ ਦੇ ਹੁਕਮਨਾਮੇ ਦਾ ਹਿੱਸਾ ਸਨ ਪਰ ਹੁਣ ਉਹ ਸੁਤੰਤਰ ਹਨ।
Check Also
ਭੁਪੇਸ਼ ਬਘੇਲ ਨੇ ਚੰਡੀਗੜ੍ਹ ’ਚ ਕਾਂਗਰਸੀ ਆਗੂਆਂ ਨਾਲ ਕੀਤੀ ਮੁਲਾਕਾਤ
2027 ਦੀਆਂ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …