3.1 C
Toronto
Tuesday, November 17, 2026
spot_img
HomeਕੈਨੇਡਾFrontਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਭਲਕੇ ਜਲੰਧਰ (ਪੰਜਾਬ)...

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਭਲਕੇ ਜਲੰਧਰ (ਪੰਜਾਬ) ਤੋਂ ਭਾਜਪਾ ਦੀ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਭਲਕੇ ਜਲੰਧਰ (ਪੰਜਾਬ) ਤੋਂ ਭਾਜਪਾ ਦੀ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ
*ਨਿਤਿਨ ਨਵੀਨ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਿਰ ‘ਚ ਟੇਕਣਗੇ ਮੱਥਾ; ਸੰਤ ਸਮਾਜ ਨਾਲ ਕਰਨਗੇ ਸੰਵਾਦ*
*ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਯਾਤਰਾ 7 ਸੂਬਿਆਂ ਵਿੱਚੋਂ 2,402 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਾਂਸ਼ੀ ਵਿਖੇ ਹੋਵੇਗੀ ਸੰਪੰਨ*
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਭਲਕੇ ਬੁੱਧਵਾਰ, 18 ਨਵੰਬਰ 2026 ਨੂੰ ਜਲੰਧਰ (ਪੰਜਾਬ) ਦੇ ਇੱਕ ਰੋਜ਼ਾ ਅਹਿਮ ਦੌਰੇ ‘ਤੇ ਰਹਿਣਗੇ। ਇਸ ਦੌਰੇ ਦੌਰਾਨ ਉਹ ਡੇਰਾ ਸੱਚਖੰਡ ਬੱਲਾਂ ਵਿਖੇ ਪੂਜਾ-ਅਰਚਨਾ ਕਰਨਗੇ, ਪਾਰਟੀ ਦੀ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਇਸ ਮੌਕੇ ਕਰਵਾਈ ਜਾਣ ਵਾਲੀ ਜਨਸਭਾ ਨੂੰ ਸੰਬੋਧਨ ਕਰਨਗੇ ਅਤੇ ਸੰਤ ਸਮਾਜ ਨਾਲ ਵਿਚਾਰ-ਵਟਾਂਦਰਾ (ਸੰਵਾਦ) ਵੀ ਕਰਨਗੇ।

ਜਲੰਧਰ ਪੁੱਜਣ ਉਪਰੰਤ ਸ੍ਰੀ ਨਵੀਨ ਦੁਪਹਿਰ 1:10 ਵਜੇ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਦੇ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਮੰਦਿਰ ਵਿਖੇ ਜਾਣਗੇ ਅਤੇ ਪੂਜਾ-ਅਰਚਨਾ ਤੇ ਦਰਸ਼ਨ ਕਰਨਗੇ। ਦੁਪਹਿਰ 1:35 ਵਜੇ ਭਾਜਪਾ ਕੌਮੀ ਪ੍ਰਧਾਨ ਜਲੰਧਰ-ਪਠਾਨਕੋਟ ਜੀਟੀ ਰੋਡ ‘ਤੇ ਡੇਰਾ ਸੱਚਖੰਡ ਬੱਲਾਂ ਨੇੜੇ ਪੈਂਦੇ ਪਿੰਡ ਰਾਏਪੁਰ ਵਿਖੇ ‘ਸਮਰਸਤਾ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਸ਼ੁਰੂਆਤ ਕਰਨਗੇ ਅਤੇ ਇਸ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਦੁਪਹਿਰ 2:55 ਵਜੇ ਸ੍ਰੀ ਨਵੀਨ ਪਿੰਡ ਰਾਏਪੁਰ ਵਿੱਚ ਹੀ ਸੰਤ ਸਮਾਜ ਨਾਲ ਸਹਿਭੋਜ ਅਤੇ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਅਤੇ ਭਾਜਪਾ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ (ਜਯੰਤੀ) ਨੂੰ ਸਾਲ ਭਰ ਚੱਲਣ ਵਾਲੇ ਕੌਮੀ ਉਤਸਵ ਵਜੋਂ ਮਨਾ ਰਹੀ ਹੈ। ਇਸ ਮਹਾ-ਅਭਿਆਨ ਦੀ ਸ਼ੁਰੂਆਤ 29 ਜੁਲਾਈ 2026 ਨੂੰ ਗੁਰੂ ਪੂਰਨਮਾ ਦੇ ਪਵਿੱਤਰ ਅਵਸਰ ‘ਤੇ ਕਾਂਸ਼ੀ (ਉੱਤਰ ਪ੍ਰਦੇਸ਼) ਤੋਂ ਹੋਈ ਸੀ। ਇਸ ਮੁਹਿੰਮ ਤਹਿਤ ਹੁਣ ਤੱਕ ਲਗਭਗ 29,000 ‘ਕਲਸ਼ ਵੰਦਨਾ ਯਾਤਰਾਵਾਂ’ ਕੱਢੀਆਂ ਜਾ ਚੁੱਕੀਆਂ ਹਨ, 30,000 ਤੋਂ ਵੱਧ ਸੰਤਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਸਮਾਜਿਕ ਸਦਭਾਵਨਾ (ਸਮਰਸਤਾ) ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਲਗਭਗ 51,000 ਥਾਵਾਂ ‘ਤੇ ‘ਸਮਰਸ ਦੀਪ ਮਹੋਤਸਵ’ ਕਰਵਾਏ ਗਏ ਹਨ।

ਇਸੇ ਦੇਸ਼-ਵਿਆਪੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ 18 ਨਵੰਬਰ ਤੋਂ 3 ਦਸੰਬਰ 2026 ਤੱਕ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਨਵੀਨ ਵੱਲੋਂ ਜਲੰਧਰ ਤੋਂ ਹਰੀ ਝੰਡੀ ਦਿਖਾਏ ਜਾਣ ਉਪਰੰਤ ਇਹ ਯਾਤਰਾ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ—ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚੋਂ ਦੀ ਗੁਜ਼ਰੇਗੀ ਅਤੇ ਕੁੱਲ 2,402 ਕਿਲੋਮੀਟਰ ਦਾ ਪੈਂਡਾ ਤੈਅ ਕਰਦਿਆਂ 3 ਦਸੰਬਰ ਨੂੰ ਕਾਂਸ਼ੀ ਵਿਖੇ ਸਮਾਪਤ ਹੋਵੇਗੀ। ਇਸ ਯਾਤਰਾ ਦੌਰਾਨ 100 ਤੋਂ ਵੱਧ ਛੋਟੀਆਂ ਜਨਸਭਾਵਾਂ ਅਤੇ 17 ਵੱਡੇ ਪ੍ਰੋਗਰਾਮ ਉਲੀਕੇ ਜਾਣਗੇ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਅਤੇ ਪਾਰਟੀ ਦੇ ਕੌਮੀ ਅਹੁਦੇਦਾਰ ਸ਼ਾਮਲ ਹੋ ਕੇ ਸੰਤ ਰਵਿਦਾਸ ਜੀ ਦੇ ‘ਬੇਗਮਪੁਰਾ’ (ਦੁੱਖ-ਰਹਿਤ ਸਮਾਜ) ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣਗੇ।

RELATED ARTICLES
POPULAR POSTS