ਕਰੋਨਾ ਪੀੜਤ ਮਹਿਲਾ ਦਾ ਮੋਬਾਇਲ ਫੋਨ ਵਰਤਣ ਕਾਰਨ ਹੋਈ ਸਟਾਫ ਨਰਸ ਪੀੜਤ
ਪੰਚਕੂਲਾ/ਬਿਊਰੋ ਨਿਊਜ਼
ਪੰਚਕੂਲਾ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਪੰਚਕੂਲਾ ਦੇ ਖੜਕ ਮੰਗੋਲੀ ਦੀ 40 ਸਾਲ ਦੀ ਮਹਿਲਾ ਕਰੋਨਾ ਪਾਜੀਟਿਵ ਪਾਈ ਗਈ ਸੀ, ਜਿਸਨੂੰ ਇਲਾਜ ਲਈ ਸੈਕਟਰ 6 ਦੇ ਜਰਨਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ। ਹੁਣ ਜੋ ਦੂਜਾ ਮਾਮਲਾ ਸਾਹਮਣੇ ਆਇਆ ਹੈ ਉਹ ਇੱਕ ਸਟਾਫ ਨਰਸ ਹੈ ਜੋ ਕਰੋਨਾ ਪੀੜਤ ਮਹਿਲਾ ਦਾ ਇਲਾਜ ਕਰ ਰਹੀ ਸੀ ਅਤੇ ਸੈਕਟਰ 6 ਦੇ ਜਰਨਲ ਹਸਪਤਾਲ ਵਿੱਚ ਕੰਮ ਕਰਦੀ ਸੀ। ਪੰਚਕੂਲਾ ਦੀ ਸੀ ਐਮ ਓ ਜਸਜੀਤ ਕੌਰ ਨੇ ਦੱਸਿਆ ਕਿ ਦੂਜਾ ਕਰੋਨਾ ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਦੂਜਾ ਪਾਜੀਟਿਵ ਮਾਮਲਾ ਹਸਪਤਾਲ ਦੀ ਸਟਾਫ ਨਰਸ ਹੈ, ਜਿਸਨੇ ਗਲਤੀ ਨਾਲ ਕਰੋਨਾ ਪੀੜਤ ਮਹਿਲਾ ਦਾ ਫੋਨ ਇਸਤੇਮਾਲ ਕਰ ਲਿਆ ਸੀ, ਜਿਸ ਕਰਕੇ ਉਹ ਪੀੜਤ ਹੋਈ ਹੈ। ਸਟਾਫ ਨਰਸ ਦੇ ਪਰਿਵਾਰ ਵਾਲਿਆਂ ਨੂੰ ਵੀ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਵੀ ਟੈਸਟ ਕੀਤੇ ਜਾਣਗੇ ਤਾਂਕਿ ਪਤਾ ਚੱਲ ਸਕੇ ਕਿ ਸਟਾਫ ਨਰਸ ਦੇ ਪਰਿਵਾਰ ਵਾਲੇ ਵੀ ਕਿਤੇ ਕਰੋਨਾ ਤੋਂ ਪੀੜਤ ਤਾਂ ਨਹੀਂ।