‘ਮਹਾਂ ਗਠਜੋੜ’ ਦੀਆਂ ਆਸਾਂ ਨੂੰ ਪੈਣ ਲੱਗਾ ਬੂਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਜਵਾਦੀ ਪਾਰਟੀ ਤੇ ਕਾਂਗਰਸ ਵੱਲੋਂ ‘ਮਹਾਂਗੱਠਜੋੜ’ ਕੀਤੇ ਜਾਣ ਦੀਆਂ ਆਸਾਂ ਨੂੰ ਬੂਰ ਪੈਣ ਲੱਗਾ ਹੈ। ਕਾਂਗਰਸ ਨੇ ਜਿੱਥੇ ਸਪਾ ਨਾਲ ਮਿਲ ਕੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਹੈ, ਉਥੇ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਗੱਠਜੋੜ ਸਬੰਧੀ ਫ਼ੈਸਲਾ ਜਲਦੀ ਕਰ ਲਿਆ ਜਾਵੇਗਾ। ਇਸੇ ਦੌਰਾਨ ਚੋਣ ਨਿਸ਼ਾਨ ‘ਸਾਈਕਲ’ ਮਿਲਣ ਤੋਂ ਬਾਗ਼ੋ-ਬਾਗ਼ ਅਖਿਲੇਸ਼ ਨੇ ਕਿਹਾ ਕਿ ਉਹ ‘ਨੇਤਾ ਜੀ’ ਮੁਲਾਇਮ ਸਿੰਘ ਯਾਦਵ ਨੂੰ ਨਾਲ ਲੈ ਕੇ ਚੱਲਣਗੇ ਤੇ ਉਨ੍ਹਾਂ ਦੇ ਆਪਣੇ ਪਿਤਾ ਤੇ ਸਪਾ ਸੁਪਰੀਮੋ ਨਾਲ ਸਬੰਧ ਕਦੇ ਵੀ ਨਹੀਂ ‘ਟੁੱਟ’ ਸਕਦਾ। ਕਾਂਗਰਸ ਦੇ ਜਨਰਲ ਸਕੱਤਰ ਗ਼ੁਲਾਮ ਨਬੀ ਆਜ਼ਾਦ ਨੇ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਦੀਆਂ ਕਿਆਸ ਅਰਾਈਆਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਕਿਹਾ, ‘ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਸਮਾਜਵਾਦੀ ਪਾਰਟੀ-ਕਾਂਗਰਸ ਗੱਠਜੋੜ ਉੱਤਰ ਪ੍ਰਦੇਸ਼ ਵਿੱਚ ਅਗਲੀ ਸਰਕਾਰ ਦਾ ਗਠਨ ਕਰੇਗਾ।’
ਯੂਪੀ ਵਿੱਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਆਜ਼ਾਦ ਨੇ ਕਿਹਾ ਕਿ ਇਹ ਤਾਂ ਅਜੇ ਗੱਠਜੋੜ ਬਣਾਉਣ ਦੇ ਅਮਲ ਦੀ ਸ਼ੁਰੂਆਤ ਹੈ ਤੇ ਗੱਠਜੋੜ ਦੀਆਂ ਸ਼ਰਤਾਂ ਆਦਿ ਬਾਰੇ ਫ਼ੈਸਲਾ ਅਗਲੇ ਦਿਨਾਂ ਵਿਚ ਕੀਤਾ ਜਾਵੇਗਾ। ਉਂਜ ਆਜ਼ਾਦ ਨੇ ਅਜੀਤ ਸਿੰਘ ਦੀ ਪਾਰਟੀ ਰਾਸ਼ਟਰੀ ਲੋਕ ਦਲ ਨੂੰ ਗੱਠਜੋੜ ਵਿਚ ਸ਼ਾਮਲ ਕੀਤੇ ਜਾਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਇਸੇ ਦੌਰਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਜਿਨ੍ਹਾਂ ਨੂੰ ਕਾਂਗਰਸ ਵੱਲੋਂ ਯੂਪੀ ਚੋਣਾਂ ਲਈ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪ੍ਰਚਾਰਿਆ ਗਿਆ ਸੀ, ਨੇ ਕਿਹਾ ਕਿ ਉਹ ਗੱਠਜੋੜ ਦੇ ਹੋਂਦ ਵਿਚ ਆਉਣ ਮਗਰੋਂ ਅਖਿਲੇਸ਼ ਲਈ ਥਾਂ ਖਾਲੀ ਕਰ ਦੇਣਗੇ। ਉਧਰ ਚੋਣ ਕਮਿਸ਼ਨ ਵੱਲੋਂ ਸਪਾ ਦੇ ਮੁਖੀ ਵਜੋਂ ਮਾਨਤਾ ਦੇਣ ਅਤੇ ਚੋਣ ਨਿਸ਼ਾਨ ‘ਸਾਈਕਲ’ ਮਿਲਣ ਤੋਂ ਖੁਸ਼ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਲਖਨਊ ਵਿੱਚਲੀ ਆਪਣੀ ਰਿਹਾਇਸ਼ ਵਿੱਚ ਕਿਹਾ ਕਿ ਕਾਂਗਰਸ ਨਾਲ ਗੱਠਜੋੜ ਸਬੰਧੀ ਫ਼ੈਸਲਾ ਅਗਲੇ ਇਕ ਦੋ ਦਿਨ ਵਿਚ ਲੈ ਲਿਆ ਜਾਵੇਗਾ। ਅਖਿਲੇਸ਼ ਨੇ ਕਿਹਾ ਕਿ ਫ਼ਿਲਹਾਲ ਉਸ ਦੀ ਮੁੱਖ ਤਰਜੀਹ ਉੱਤਰ ਪ੍ਰਦੇਸ਼ ਵਿੱਚ ਮੁੜ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਾਉਣਾ ਹੈ ਤੇ ਉਹ ਸਭ ਨੂੰ ਨਾਲ ਲੈ ਕੇ ਚੱਲਣਗੇ। ਮੁੱਖ ਮੰਤਰੀ ਨੇ ਕਿਹਾ, ‘ਮੈਂ ਨੇਤਾ ਜੀ (ਮੁਲਾਇਮ ਸਿੰਘ ਯਾਦਵ) ਨੂੰ ਨਾਲ ਤੋਰਾਂਗਾ ੩ਮੇਰਾ ਉਨ੍ਹਾਂ ਨਾਲ ਸਬੰਧ ਕਦੇ ਵੀ ਨਹੀਂ ਟੁੱਟ ਸਕਦਾ। ਸਮਾਂ ਬਹੁਤ ਥੋੜ੍ਹਾ ਹੈ, ਮੈਂ ਜਲਦੀ ਹੀ ਉਮੀਦਵਾਰਾਂ ਦੀ ਆਖਰੀ ਸੂਚੀ ਤਿਆਰ ਕਰਾਂਗਾ।’ ਪਾਰਟੀ ਦੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਕਿਹਾ ਕਿ ਕਾਂਗਰਸ ਨਾਲ ਗੱਠਜੋੜ ਸਬੰਧੀ ਆਖਰੀ ਫ਼ੈਸਲਾ ਅਖਿਲੇਸ਼ ਦਾ ਹੋਵੇਗਾ। ਉਂਜ ਸੂਤਰਾਂ ਮੁਤਾਬਕ ਸਪਾ-ਕਾਂਗਰਸ ਗੱਠਜੋੜ ਤਹਿਤ ਸਪਾ ਵੱਲੋਂ ਕਾਂਗਰਸ ਨੂੰ 90 ਤੋਂ 100 ਸੀਟਾਂ ਦਿੱਤੇ ਜਾਣ ਦੀ ਸੰਭਾਵਨਾ ਹੈ ਤੇ ਪਾਰਟੀ ਅਜੀਤ ਸਿੰਘ ਦੀ ਆਰਐਲਡੀ ਨੂੰ ਵੀ ਛੋਟੀ ਭਾਈਵਾਲ ਬਣਾਉਣ ਲਈ ਤਿਆਰ ਹੈ।
ਸਮਾਜਵਾਦੀ ਪਾਰਟੀ ਤੇ ਕਾਂਗਰਸ ‘ਸ਼ਹਿਜ਼ਾਦਿਆਂ’ ਦਾ ਗੱਠਜੋੜ: ਭਾਜਪਾ
ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਸੰਭਾਵੀ ਗੱਠਜੋੜ ਨੂੰ ‘ਸ਼ਹਿਜ਼ਾਦਿਆਂ’ ਦਾ ਗੱਠਜੋੜ ਦੱਸਦਿਆਂ ਭਾਜਪਾ ਨੇ ਕਿਹਾ ਇਸ ਭਾਈਵਾਲੀ ਦਾ ਮੁੱਖ ਮੰਤਵ ਪਰਿਵਾਰਕ ਸੱਤਾ ਨੂੰ ਬਚਾਉਣਾ ਹੈ। ਭਾਜਪਾ ਦੇ ਕੌਮੀ ਸਕੱਤਰ ਸ੍ਰੀਕਾਂਤ ਸ਼ਰਮਾ ਨੇ ਕਿਹਾ ਗੱਠਜੋੜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਵਿਕਾਸ ਦੇ ਦਾਅਵਿਆਂ ਤੇ ਉਸ ਦੀ ‘ਨਿਰਾਸ਼ਾ’ ਨੂੰ ਜ਼ਾਹਰ ਕਰਦਾ ਹੈ।
Check Also
ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚੀ
ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ ਨਵੀਂ …