ਪਟਿਆਲਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਵ-ਪ੍ਰਕਾਸ਼ਤ ਪੁਸਤਕ ઑਦੀਵਿਆਂ ਦੀ ਡਾਰ਼ ਪੰਜਾਬੀ ਦੇ ਮਾਣਮੱਤੇ ਅਦੀਬਾਂ ਵਲੋਂ ਪਟਿਆਲਾ ਵਿਚ ਇਕ ਸਮਾਗਮ ਵਿਚ ਰੀਲੀਜ਼ ਕੀਤੀ ਗਈ।
ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਉਘੇ ਵਿਦਵਾਨਾਂ ਡਾ.ਸਤੀਸ਼ ਵਰਮਾ ਅਤੇ ਡਾ. ਜਸਵਿੰਦਰ ਸਿੰਘ, ਉਘੇ ਕਹਾਣੀਕਾਰ ਕ੍ਰਿਪਾਲ ਕਜ਼ਾਕ, ਪ੍ਰੋ. ਕੁਲਵੰਤ ਸਿੰਘ ਔਜਲਾ, ਡਾ.ਗੋਪਾਲ ਬੁੱਟਰ, ਪ੍ਰੋ.ਪ੍ਰੀਤਮ ਭੰਗੂ, ਪ੍ਰੋ. ਬਖਤੌਰ ਧਾਲੀਵਾਲ ਆਦਿ ਮਾਣਮੱਤੀਆਂ ਸਖ਼ਸ਼ੀਅਤਾਂ ਵਲੋਂ ਸਾਂਝੇ ਰੂਪ ਵਿਚ ਰੀਲੀਜ਼ ਕੀਤੀ ਗਈ।
ਇਸ ਮੌਕੇ ‘ਤੇ ਡਾ.ਸਤੀਸ਼ ਵਰਮਾ ਨੇ ਡਾ. ਭੰਡਾਲ ਨੂੰ ਵਿਲੱਖਣ ਵਾਰਤਕ ਲੇਖਕ ਦੱਸਦਿਆਂ ਪੁਸਤਕ ਵਿਚਲੇ ਨਿਬੰਧਾਂ ਦੀ ਤਾਸੀਰ ਨੂੰ ਨਰੋਈ ਜੀਵਨ-ਸ਼ੈਲੀ ਦਾ ਬਿਰਤਾਂਤ ਕਿਹਾ।
ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਡਾ. ਭੰਡਾਲ ਸਾਹਿਤ ਅਤੇ ਵਿਗਿਆਨ ਦਾ ਅਦਭੁੱਤ ਸੁਮੇਲ ਹਨ ਜਿਹਨਾਂ ਦੀਆਂ ਲਿਖਤਾਂ ਵਿਚ ਬੰਦੇ ਨੂੰ ਬਾਹਰ ਤੋਂ ਅੰਤਰੀਵੀ ਯਾਤਰਾ ਤੇ ਤੁਰਨ ਦੀ ਪ੍ਰੇਰਨਾ ਮਿਲਦੀ ਹੈ। ਪੰਜਾਬੀ ਯੂਨੀਵਰਸਿਟੀ ਆਪਣੇ ਪੁਰਾਣੇ ਵਿਦਿਆਰਥੀ ‘ਤੇ ਮਾਣ ਕਰਦੀ ਹੈ। ਮਹਾਨ ਕਹਾਣੀਕਾਰ ਕ੍ਰਿਪਾਲ ਕਜ਼ਾਕ ਨੇ ਭੰਡਾਲ ਦੀ ਵਾਰਤਕ ਸ਼ੈਲੀ ਨੂੰ ਆਵੇਸ਼ ਵਿਚੋਂ ਪੈਦਾ ਹੋਈ ਸ਼ੈਲੀ ਕਿਹਾ ਜਿਹੜੀ ਮਨ ਦੀਆਂ ਤਹਿਆਂ ਨੂੰ ਫਰੋਲਦੀ ਸਥਾਪਤ ਸ਼ੈਲੀ ਤੋਂ ਬਿਲਕੁਲ ਵੱਖਰੀ ਹੈ।
ਇਸ ਮੌਕੇ ‘ਤੇ ਪ੍ਰੋ ਕੁਲਵੰਤ ਸਿੰਘ ਔਜਲਾ, ਡਾ.ਸੁਰਜੀਤ ਸਿੰਘ ਭੱਟੀ, ਡਾ.ਭੀਮਇੰਦਰ ਸਿੰਘ, ਸੱਤਪਾਲ ਭੀਖੀ, ਡਾ.ਗੁਰਸੇਵਕ ਲੰਬੀ, ਡਾ.ਮਨਜੀਤ ਸਿੰਘ ਬੱਲ ਆਦਿ ਵਿਦਵਾਨਾਂ ਨੇ ਡਾ. ਭੰਡਾਲ ਨੂੰ ਨਵੀਂ ਪੁਸਤਕ ਲਈ ਵਧਾਈ ਦਿੰਦਿਆਂ ਕਿਹਾ ਕਿ ਭੰਡਾਲ ਦੀ ਵਾਰਤਕ ਨੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ ਅਤੇ ਆਸ ਹੈ ਕਿ ਡਾ. ਭੰਡਾਲ ਭਵਿੱਖ ਵਿਚ ਵੀ ਆਪਣੀਆਂ ਅਣਮੋਲ ਲਿਖਤਾਂ ਨਾਲ ਪੰਜਾਬੀ ਅਦਬ ਦੀ ਸੇਵਾ ਕਰਦੇ ਰਹਿਣਗੇ।
ਯਾਦ ਰਹੇ ਕਿ ਡਾ. ਭੰਡਾਲ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਫਿਜ਼ਿਕਸ ਪੜ੍ਹਾਉਂਦੇ ਹਨ। ਉਹ ਭਾਸ਼ਾ ਵਿਭਾਗ, ਪੰਜਾਬ ਵਲੋਂ ਸਨਮਾਨਿਤ ਸ਼੍ਰੋਮਣੀ ਸਾਹਿਤਕਾਰ ਹਨ।