ਸਨੇਹਾ ਅਥਰ, ਡਾ. ਕੰਵਲਜੀਤ ਢਿੱਲੋਂ ਤੇ ਫ਼ੋਜ਼ੀਆ ਤਨਵੀਰ ਨੇ ਕੀਤਾ ਸੰਬੋਧਨ
ਬਰੈਂਪਟਨ/ਜਗੀਰ ਸਿੰਘ ਕਾਹਲੋਂ : ਜੀਟੀਏ ਵੈੱਸਟ ਕਲੱਬ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਜ਼ੂਮ ਵੈੱਬ-ਤਕਨੀਕ ਨਾਲ ਔਰਤਾਂ ਦੇ ਭਾਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਨਾਰੀਆਂ ਦੇ ਯੋਗਦਾਨ ਦੀ ਭਰਪੂਰ ਚਰਚਾ ਕੀਤੀ ਗਈ। ਸੱਭ ਤੋਂ ਪਹਿਲਾਂ ਜੀਟੀਏ ਕਲੱਬ ਸੀਪੀਪੀ ਦੀ ਸੀਨੀਅਰ ਆਗੂ ਮੋਹਤਰਿਮਾ ਸਨੇਹ ਅਥਰ ਜੋ ਪਾਕਿਸਤਾਨ ਵਿਚ ਆਵਾਮੀ ਪਾਰਟੀ ਦੇ ਅਹਿਮ ਲੀਡਰ ਰਹੇ ਹਨ, ਨੇ ਏਸ਼ੀਆਈ-ਖਿੱਤੇ ਦੇ ਮਹਾਨ ਸ਼ਾਇਰਾਂ ਕੈਫ਼ੀ ਆਜ਼ਮੀ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੇ ਸ਼ਿਅਰਾਂ ਦੇ ਹਵਾਲਿਆਂ ਨਾਲ ਔਰਤਾਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਕਿ ਕਿਵੇਂ ਇਨ੍ਹਾਂ ਮਹਾਨ ਸ਼ਾਇਰਾਂ ਦੀ ਸ਼ਾਇਰੀ ਵਿਚ ਨਾਰੀ ਦੀ ਖ਼ੂਬਸੂਰਤ ਤਸਵੀਰ ਉੱਘੜਦੀ ਹੈ। ਉਨ੍ਹਾਂ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਕੈਫ਼ੀ ਆਜ਼ਮੀ ਦੀ ਸ਼ਾਇਰੀ ਵਿਚ ਨਾਰੀ ਦੇ ਹਾਂ-ਪੱਖੀ ਉਘਾੜੇ ਗਏ ਅਕਸ ਕਰਕੇ ਹੀ ਮੋਹਤਰਿਮਾ ਸ਼ੌਕਤ ਜਨਾਬ ਕੈਫ਼ੀ ਆਜ਼ਮੀ ਦੀ ਹੀ ਹੋ ਕੇ ਰਹਿ ਗਈ। ਜੂਮ-ਮੀਟਿੰਗ ਦੂਸਰੇ ਬੁਲਾਰੇ ਡਾ. ਕੰਵਲਜੀਤ ਢਿੱਲੋਂ ਵੱਲੋਂ ਆਪਣੀ ਜ਼ਿੰਦਗੀ ਦੇ ਨਾਰੀ-ਮੁਕਤੀ ਲਈ ਕੀਤੇ ਗਏ ਸੰਘਰਸ਼ਾਂ ਤੋਂ ਆਰੰਭ ਕਰਕੇ ਕਿਸਾਨ ਮੋਰਚੇ ਵਿਚ ਸ਼ਾਮਲ ਔਰਤ-ਆਗੂਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਵੇਂ 8 ਮਾਰਚ ਅੰਤਰਰਾਸ਼ਟਰੀ ਔਰਤ-ਦਿਵਸ ਵਾਲੇ ਦਿਨ ਦਿੱਲੀ ਵਿਚ ਸੰਯੁਕਤ ਮੋਰਚੇ ਦੀਆਂ ਵੱਖ-ਵੱਖ ਸਟੇਜਾਂ ਦਾ ਸਮੁੱਚਾ ਸੰਚਾਲਨ ਨਾਰੀਆਂ ਵੱਲੋਂ ਕੀਤਾ ਗਿਆ ਅਤੇ ਬੁਲਾਰਿਆਂ ਦੀ ਭੂਮਿਕਾ ਨਿਭਾਉਣ ਤੋਂ ਲੈ ਕੇ ਹੋਰ ਸਾਰੇ ਪ੍ਰਬੰਧ ਉਨ੍ਹਾਂ ਵੱਲੋਂ ਹੀ ਕੀਤੇ ਗਏ। ਇਸ ਤਰ੍ਹਾਂ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਹ ਮਰਦਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ। ਉਨ੍ਹਾਂ ਹੋਰ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿਚ 40 ਫੀਸਦੀ ਔਰਤਾਂ ਮੈਂਬਰ ਹਨ ਅਤੇ ਏਸੇ ਅਨੁਪਾਤ ਵਿਚ ਹੀ ਉਹ ਕਿਸਾਨ ਸੰਘਰਸ਼ ਵਿਚ ਉਤਸ਼ਾਹ ਪੂਰਵਕ ਸ਼ਾਮਲ ਹੋ ਕੇ ਇਸ ਵਿਚ ਬਾਖ਼ੂਬੀ ਵਿਚਰ ਰਹੀਆਂ ਹਨ।
ਅਗਲੇ ਬੁਲਾਰੇ ਕਾਮਰੇਡ ਫ਼ੋਜ਼ੀਆ ਤਨਵੀਰ ਨੇ ਆਪਣੇ ਸੰਬੋਧਨ ਵਿਚ ਤਫ਼ਸੀਲ ਵਿਚ ਦੱਸਿਆ ਕਿ ਮਿਸੀਸਾਗਾ ਅਤੇ ਬਰੈਂਪਟਨ ਵੱਡੀ ਗਿਣਤੀ ਪਰਵਾਸੀਆਂ ਤੇ ਘੱਟ-ਗਿਣਤੀਆਂ ਦੀ ਹੈ। ਵੱਡੀ ਆਬਾਦੀ ਵਾਲੇ ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਸਿਹਤ-ਸੇਵਾਵਾਂ ਅਤੇ ਸਿੱਖਿਆ ਦਾ ਬੁਰਾ ਹਾਲ ਹੈ। ਸਾਢੇ ਪੰਜ ਲੱਖ ਤੋਂ ਵਧੀਕ ਆਬਾਦੀ ਵਾਲੇ ਸ਼ਹਿਰ ਬਰੈਂਪਟਨ ਵਿਚ ਕੇਵਲ ਇਕ ਹੀ ਹਸਪਤਾਲ ਹੈ ਅਤੇ ਉਚੇਰੀ ਸਿੱਖਿਆ ਲਈ ਕੋਈ ਵੀ ਯੂਨੀਵਰਸਿਟੀ ਨਹੀਂ ਹੈ। ਇਨ੍ਹਾਂ ਸ਼ਹਿਰਾਂ ਵਿਚ ਗੋਰਿਆਂ ਤੇ ਗ਼ੈਰ-ਗੋਰਿਆਂ ਅਤੇ ਮਰਦਾਂ ਤੇ ਔਰਤਾਂ ਵਿਚਕਾਰ ਪੈਰ-ਪੈਰ ‘ਤੇ ਵਿਤਕਰਾ ਹੋ ਰਿਹਾ ਹੈ ਅਤੇ ਇਸ ਨੂੰ ਦੂਰ ਕਰਨ ਲਈ ਕੇਵਲ ਸਮਾਜਵਾਦ ਹੀ ਬਰਾਬਰੀ ਦਾ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਕਮਿਊਨਿਸਟ ਪਾਰਟੀ ਇਸ ਦੀ ਸਥਾਪਤੀ ਲਈ ਸੰਘਰਸ਼ਸ਼ੀਲ ਹੈ। ਉਨ੍ਹਾਂ ਲੋਕਾਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਦਿੱਲੀ ਦੇ ਕਿਸਾਨ ਸੰਘਰਸ਼ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਡਾ. ਗੁਰਨਾਮ ਕੌਰ ਨੇ ਕਿਹਾ ਕਿ ਇਸ ਦਾ ਨਿਸ਼ਾਨਾ ਕੇਵਲ ਕਿਸਾਨੀ ਮੰਗਾਂ ‘ਤੇ ਹੀ ਕੇਂਦ੍ਰਿਤ ਰੱਖਣਾ ਚਾਹੀਦਾ ਹੈ ਅਤੇ ਸੰਘਰਸ਼ਕਾਰੀਆਂ ਨੂੰ ‘ਖੱਬੇ’ ਜਾਂ ‘ਸੱਜੇ’ ਦੇ ਨਜ਼ਰੀਏ ਤੋਂ ਨਹੀਂ ਵੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਆਪਣੀਆਂ ਸ਼ੁਭ-ਇੱਛਾਵਾਂ ਦਿੱਤੀਆਂ। ਕਾਮਰੇਡ ਹਰਿੰਦਰ ਹੁੰਦਲ ਨੇ ਇਸ ਜ਼ੂਮ-ਮੀਟਿੰਗ ਦਾ ਪ੍ਰਬੰਧ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਸਮਾਜ ਵਿਚ ਔਰਤ ਨੂੰ ਬਣਦਾ ਹੱਕ ਦੇਣ ਦੀ ਵਕਾਲਤ ਕੀਤੀ। ਕਾਮਰੇਡ ਫਰਹਾ ਮਲਿਕ ਨੇ ਔਰਤ ਦੀ ਵਰਤਮਾਨ ਸਥਿਤੀ ਅਤੇ ਉਸ ਵੱਲੋਂ ਲੜੇ ਜਾ ਰਹੇ ਸੰਘਰਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਸੰਘਰਸ਼ ਪ੍ਰਾਪਤੀਆਂ ਦੇ ਰਾਹ ਉੱਪਰ ਚੱਲ ਰਿਹਾ ਹੈ। ਕੁਮਾਰੀ ਸਿੰਮੀ ਸਹੋਤਾ ਨੇ ਆਪਣੀ ਹਾਜ਼ਰੀ ਦੋ ਕਵਿਤਾਵਾਂ ਨਾਲ ਲਗਾਈ। ਇਸ ਮੌਕੇ ਟਿੱਪਣੀਆਂ ਕਰਨ ਵਾਲਿਆਂ ਵਿਚ ਸੁਰਜੀਤ ਸਹੋਤਾ, ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਹਰਪ੍ਰਮਿੰਦਰ ਗ਼ਦਰੀ ਸ਼ਾਮਲ ਸਨ। ਪ੍ਰੋਗਰਾਮ ਦੇ ਸਫ਼ਲ ਸੰਚਾਲਨ ਦਾ ਸਿਹਰਾ ਅੰਨਾ ਰੁਗਾਮਸ ਨੂੰ ਜਾਂਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …