ਪਿਤਾ ਮੁਲਾਇਮ ਸਿੰਘ ਯਾਦਵ ਨੂੰ ਅਖਿਲੇਸ਼ ਨੇ ਹਰਾਇਆ
ਲਖਨਊ : ਉਤਰ ਪ੍ਰਦੇਸ਼ ਵਿੱਚ ਹਾਕਮ ਸਮਾਜਵਾਦੀ ਪਾਰਟੀ ਦੇ ਦੋ ਧੜਿਆਂ ਦੀ ਲੜਾਈ ਦੌਰਾਨ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਧੜੇ ਨੂੰ ਉਦੋਂ ਹੁਲਾਰਾ ਮਿਲਿਆ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧੜੇ ਨੂੰ ‘ਅਸਲੀ ਸਮਾਜਵਾਦੀ ਪਾਰਟੀ’ ਕਰਾਰ ਦਿੰਦਿਆਂ ਪਾਰਟੀ ਦਾ ਚੋਣ ਨਿਸ਼ਾਨ ‘ਸਾਈਕਲ’ ਉਨ੍ਹਾਂ ਨੂੰ ਸੌਂਪ ਦਿੱਤਾ। ਦੂਜੇ ਪਾਸੇ ਉਨ੍ਹਾਂ ਦੇ ਪਿਤਾ ਤੇ ਦੂਜੇ ਧੜੇ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਐਲਾਨ ਕੀਤਾ ਕਿ ਜੇ ਅਖਿਲੇਸ਼ ਮੁਸਲਮਾਨਾਂ ਪ੍ਰਤੀ ਆਪਣਾ ‘ਨਾਂਹਪੱਖੀ ਰਵੱਈਆ’ ਨਹੀਂ ਬਦਲਦੇ ਤਾਂ ਉਹ ਉਨ੍ਹਾਂ (ਅਖਿਲੇਸ਼) ਖ਼ਿਲਾਫ਼ ਚੋਣ ਲੜਨਗੇ। ਚੋਣ ਕਮਿਸ਼ਨ ਦੇ ਫ਼ੈਸਲੇ ਸਦਕਾ ਹੁਣ ਅਖਿਲੇਸ਼ ਦਾ ਧੜਾ ਸਾਈਕਲ ਚੋਣ ਨਿਸ਼ਾਨ ‘ਤੇ ਯੂਪੀ ਵਿਧਾਨ ਸਭਾ ਚੋਣਾਂ ਲੜ ਸਕੇਗਾ। ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਦੀ ਅਗਵਾਈ ਵਾਲੇ ਤਿੰਨ-ਮੈਂਬਰੀ ਚੋਣ ਕਮਿਸ਼ਨ ਨੇ ਕਿਹਾ ਕਿ ਅਖਿਲੇਸ਼ ਦੀ ઠਅਗਵਾਈ ਵਾਲਾ ਗਰੁੱਪ ਹੀ ਪਾਰਟੀ ਦਾ ਚੋਣ ਨਿਸ਼ਾਨ ‘ਸਾਈਕਲ’ ਵਰਤਣ ਦਾ ਹੱਕਦਾਰ ਹੈ। ਕਮਿਸ਼ਨ ਨੇ ਇਹ ਫ਼ੈਸਲਾ ਯੂਪੀ ਦੀਆਂ ਸੱਤ ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਗੇੜ ਲਈ ਨਾਮਜ਼ਦਗੀਆਂ ਦੇ ਅਮਲ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਸੁਣਾਇਆ ਹੈ। ਅਖਿਲੇਸ਼ ਦੇ ਚਾਚਾ ਰਾਮਗੋਪਾਲ ਯਾਦਵ ਨੇ ਇਸ ਨੂੰ ਚੋਣ ਕਮਿਸ਼ਨ ਦਾ ਸਹੀ ਫ਼ੈਸਲਾ ਕਰਾਰ ਦਿੱਤਾ। ਇਹ ਖ਼ਬਰ ਮਿਲਦਿਆਂ ਹੀ ਅਖਿਲੇਸ਼ ਆਪਣੇ ਪਿਤਾ ਦਾ ਆਸ਼ੀਰਵਾਦ ਲੈਣ ਉਨ੍ਹਾਂ ਨੂੰ ਮਿਲਣ ਚਲੇ ਗਏ। ਕਾਂਗਰਸ ਦੇ ਬੁਲਾਰੇ ਆਰ.ਪੀ.ਐਨ. ਸਿੰਘ ਨੇ ਵੀ ਚੋਣ ਕਮਿਸ਼ਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।ਇਸ ਤੋਂ ਪਹਿਲਾਂ ਇਥੇ ਪਾਰਟੀ ਹੈੱਡਕੁਆਰਟਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵੱਡੇ ਯਾਦਵ ਨੇ ਅਖਿਲੇਸ਼ ‘ਤੇ ਮੁਸਲਮਾਨਾਂ ਖ਼ਿਲਾਫ਼ ਚੱਲਣ ਦਾ ਦੋਸ਼ ਲਾਇਆ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …