
ਇਸੇ ਮਾਮਲੇ ’ਚ ਮਨੀਸ਼ ਸਿਸੋਦੀਆ ਵੀ ਜੇਲ੍ਹ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਈਡੀ (ਇਨਫੋਰਸਮੈਂਟ ਡਾਇਰੈਕਟਰੋਟ) ਨੇ ਦਿੱਲੀ ਦੇ ਆਬਕਾਰੀ ਘੁਟਾਲਾ ਮਾਮਲੇ ਵਿਚ ਗਿ੍ਰਫਤਾਰ ਕਰ ਲਿਆ ਹੈ। ਸੰਜੇ ਸਿੰਘ ਦੀ ਗਿ੍ਰਫਤਾਰੀ ਈਡੀ ਵਲੋਂ ਕਰੀਬ 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ। ਧਿਆਨ ਰਹੇ ਕਿ ਸੰਜੇ ਸਿੰਘ ਦੇ ਘਰ ਅੱਜ ਬੁੱਧਵਾਰ ਸਵੇਰੇ 7 ਵਜੇ ਈਡੀ ਦੀ ਟੀਮ ਨੇ ਛਾਪਾ ਮਾਰਿਆ ਸੀ। ਇਹ ਛਾਪੇਮਾਰੀ ਸੰਜੇ ਸਿੰਘ ਦੇ ਦਿੱਲੀ ਵਾਲੇ ਘਰ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਦੇ 6-7 ਅਧਿਕਾਰੀ ਆਬਕਾਰੀ ਨੀਤੀ ਕੇਸ ਦੇ ਬਾਰੇ ’ਚ ਛਾਣਬੀਣ ਕਰ ਰਹੇ ਸਨ। ਕਿਉਂਕਿ ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿਚ ਸੰਜੇ ਸਿੰਘ ਦਾ ਵੀ ਨਾਮ ਹੈ। ਸੰਜੇ ਸਿੰਘ ਦੇ ਘਰ ਈਡੀ ਦੀ ਛਾਪੇਮਾਰੀ ਸਬੰਧੀ ਸੰਜੇ ਸਿੰਘ ਦੇ ਪਿਤਾ ਨੇ ਕਿਹਾ ਸੀ ਕਿ ਈਡੀ ਆਪਣਾ ਕੰਮ ਕਰ ਰਿਹਾ ਹੈ ਅਤੇ ਅਸੀਂ ਉਸ ਨੂੰ ਪੂਰਾ ਸਹਿਯੋਗ ਦਿਆਂਗੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 24 ਮਈ ਨੂੰ ਵੀ ਆਬਕਾਰੀ ਨੀਤੀ ਮਾਮਲੇ ਵਿਚ ਸੰਜੇ ਸਿੰਘ ਦੇ ਕਰੀਬੀਆਂ ਦੇ ਘਰੀਂ ਵੀ ਈਡੀ ਨੇ ਛਾਪੇ ਮਾਰੇ ਸਨ। ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ, ਜਿਸ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ ਰਾਘਵ ਚੱਢਾ ਨੂੰ ਆਰੋਪੀ ਨਹੀਂ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੀ ਆਬਕਾਰੀ ਘੁਟਾਲਾ ਮਾਮਲੇ ਵਿਚ ਜੇਲ੍ਹ ’ਚ ਹੀ ਹਨ।