Breaking News
Home / ਭਾਰਤ / ਸੂਰਜਮੁਖੀ ’ਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਦੂਜੇ ਦਿਨ ਜਾਰੀ

ਸੂਰਜਮੁਖੀ ’ਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਦੂਜੇ ਦਿਨ ਜਾਰੀ

ਕਿਸਾਨਾਂ ਨੂੰ ਸਮਰਥਨ ਦੇਣ ਲਈ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ
ਕੁਰੂਕਸ਼ੇਤਰ/ਬਿਊਰੋ ਨਿਊਜ਼ : ਹਰਿਆਣਾ ’ਚ ਸੂਰਜਮੁਖੀ ਦੀ ਖਰੀਦ ਐਮਐਸਪੀ ’ਤੇ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪਹੁੰਚੇ। ਧਿਆਨ ਰਹੇ ਕਿ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਅਤੇ ਹੋਰਨਾਂ ਯੂਨੀਅਨਾਂ ਦੇ ਆਗੂਆਂ ਨੂੰ ਲੰਘੀ ਦੇਰ ਰਾਤ ਦਿੱਲੀ-ਅੰਮਿ੍ਰਤਸਰ ਹਾਈਵੇ ’ਤੇ ਆਵਾਜਾਈ ਰੋਕਣ ਦੇ ਚਲਦਿਆਂ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਇਸ ਮੌਕੇ ਪੁਲਿਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਗਿਆ, ਜਿਸ ਦੇ ਵਿਰੋਧ ਵਿਚ ਅੱਜ ਕਿਸਾਨ ਦੂਜੇ ਦਿਨ ਹਿਸਾਰ, ਸਿਰਸਾ, ਰੋਹਤਕ, ਕਰਨਾਲ, ਅੰਬਾਲਾ ਅਤੇ ਕੁਰੂਕਸ਼ੇਤਰ ਸਮੇਤ ਕਈ ਜ਼ਿਲ੍ਹਿਆਂ ’ਚ ਟੋਲ ਪਲਾਜ਼ਿਆਂ ’ਤੇ ਧਰਨੇ ’ਤੇ ਬੈਠ ਗਏ। ਇਸ ਮੌਕੇ ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਅਤੇ ਹੋਰਨਾਂ ਆਗੂਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਪੂਰੇ ਹਰਿਆਣੇ ਨੂੰ ਜਾਮ ਕਰ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆ ਰਾਕੇਸ਼ ਟਿਕੈਤ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ’ਤੇ ਐਮਐਸਪੀ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਲਾਠੀਚਾਰਜ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਅੰਦਰ ਦਿੱਲੀ ਤੋਂ ਵੱਡਾ ਅੰਦੋਲਨ ਐਮਐਸਪੀ ਨੂੰ ਲੈ ਕੇ ਹੋਵੇਗਾ, ਜਿਸ ਸਬੰਧੀ ਕੁਰੂਕਸ਼ੇਤਰ ’ਚ ਰਣਨੀਤੀ ਬਣਾਉਣ ਮਗਰੋਂ ਐਲਾਨ ਕੀਤਾ ਜਾਵੇਗਾ। ਉਧਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਲਾਢੋਵਾਲ ਟੋਲ ਪਲਾਜ਼ੇ ’ਤੇ ਵੀ ਕਿਸਾਨ ਯੂਨੀਅਨ ਚਡੂਨੀ ਦੇ ਸਮਰਥਕਾਂ ਨੇ ਧਰਨਾ ਲਗਾ ਦਿੱਤਾ ਅਤੇ ਟੋਲ ਪਲਾਜ਼ੇ ਨੂੰ ਫ਼ਰੀ ਕਰ ਦਿੱਤਾ ਗਿਆ ਹੈ। ਲਾਢੋਵਾਲ ਟੋਲ ਪਲਾਜ਼ੇ ’ਤੇ ਬੈਠੇ ਕਿਸਾਨ ਆਗੂਆਂ ਵੱਲੋਂ ਸ਼ਾਹਬਾਦ ਵਿਖੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦਾ ਵਿਰੋਧ ਕੀਤਾ ਜਾ ਰਿਹਾ ਹੈ।

 

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …