ਚੰਡੀਗੜ੍ਹ : ਸੈਕਟਰ 33 ਵਿੱਚ ਬੂਥ ਦੀ ਛੱਤ ਡਿੱਗਣ ਕਰਨ: ਦੋ ਜਖਮੀ , ਇਕ ਦੀ ਮੌਤ
ਚੰਡੀਗੜ੍ਹ : ਪ੍ਰਿੰਸ ਗਰਗ
ਚੰਡੀਗੜ੍ਹ ਦੇ ਸੈਕਟਰ-33 ਦੀ ਮਾਰਕੀਟ ਵਿੱਚ ਬੂਥ ਨੰਬਰ 9 ਅਤੇ 10 ਵਿੱਚ ਜਾਰੀ ਮੁਰੰਮਤ ਕਾਰਜਾਂ ਦੌਰਾਨ ਦੋਵੇਂ ਬੂਥਾਂ ਦੀ ਛੱਤ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਗੰਭੀਰ ਜ਼ਖ਼ਮੀ ਹਨ। ਬੁੱਧਵਾਰ ਸ਼ਾਮ ਕਰੀਬ 5 ਵਜੇ ਅਚਾਨਕ ਬੂਥ ਦੀ ਛੱਤ ਡਿੱਗਣ ਕਾਰਨ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋਵਾਂ ਬੂਥਾਂ ਦੇ ਦਰਮਿਆਨ ਕੰਧ ਨੂੰ ਹਟਾਇਆ ਹੋਇਆ ਸੀ, ਜਿਸ ਕਾਰਨ ਮੁਰੰਮਤ ਕੀਤੇ ਜਾ ਰਹੇ ਦੋਵੇਂ ਬੂਥਾਂ ਦੀ ਛੱਤ ਡਿੱਗ ਗਈ। ਬੂਥ ਦੇ ਲੈਂਟਰ ਹੇਠ ਦੱਬਣ ਨਾਲ ਇੱਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਮਜ਼ਦੂਰਾਂ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਠੇਕੇਦਾਰ ਆਪਣੇ ਮਜ਼ਦੂਰਾਂ ਨਾਲ ਪਲੰਬਿੰਗ ਅਤੇ ਟਾਈਲਾਂ ਲਗਾਉਣ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਸਲੈਬ ਦਾ ਇੱਕ ਹਿੱਸਾ ਤੋੜਦੇ ਹੋਏ ਪੂਰਾ ਲੈਂਟਰ ਹੇਠਾਂ ਡਿੱਗ ਗਿਆ।
ਹਾਦਸੇ ਦੀ ਸੂਚਨਾ ਮਿਲਣ ’ਤੇ DSP ਦਲਬੀਰ ਸਿੰਘ, ਸੈਕਟਰ-34 ਥਾਣੇ ਦੇ ਇੰਚਾਰਜ ਬਲਦੇਵ ਕੁਮਾਰ ਅਤੇ ਸੈਕਟਰ-31 ਪੁਲਿਸ ਸਟੇਸ਼ਨ ਦੇ ਇੰਚਾਰਜ ਰਾਮਰਤਨ ਸ਼ਰਮਾ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਡਿਜ਼ਾਸਟਰ ਮੈਨੇਜਮੈਂਟ ਦੇ ਮੁਖੀ ਟੀਮ ਨਾਲ ਪਹੁੰਚੇ। SDM ਦੱਖਣੀ ਵੀ ਮੌਕੇ ’ਤੇ ਪੁੱਜੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਸ਼ਾਮ 7.30 ਵਜੇ ਦੇ ਕਰੀਬ ਆਈਜੀ ਆਰਕੇ ਸਿੰਘ ਅਤੇ ਐਸਐਸਪੀ ਕੰਵਰਦੀਪ ਕੌਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।