ਨਾਟਕੀ ਢੰਗ ਨਾਲ ਪੁਲਿਸ ਹਿਰਾਸਤ ’ਚੋਂ ਫਰਾਰ ਹੋਇਆ ਪਠਾਨਮਾਜਰਾ
ਪਟਿਆਲਾ/ਬਿਊਰੋ ਨਿਊਜ਼
ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਪਠਾਨਮਾਜਰਾ ਨੂੰ ਹਰਿਆਣਾ ’ਚ ਪੈਂਦੇ ਕਰਨਾਲ ਦੇ ਡਾਬਰੀ ਪਿੰਡ ’ਚੋਂ ਗਿ੍ਰਫਤਾਰ ਕੀਤਾ ਸੀ, ਪਰ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱਕਾਮੁੱਕੀ ਦੌਰਾਨ ਉਹ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਮਿਲ ਕੇ ਪਠਾਣਮਾਜਰਾ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਦੀ ਟੀਮ ਕਰਨਾਲ ਪੁਲਿਸ ਨੂੰ ਨਾਲ ਲੈ ਕੇ ਪਠਾਨਮਾਜਰਾ ਨੂੰ ਗਿ੍ਰਫਤਾਰ ਕਰਨ ਲਈ ਪਹੁੰਚੀ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਕਈ ਟੀਮਾਂ ਦੀ ਮੌਜੂਦਗੀ ਦੇ ਬਾਵਜੂਦ, ਵਿਧਾਇਕ ਸਥਾਨਕ ਲੋਕਾਂ ਦੀ ਮਦਦ ਨਾਲ ਭੱਜ ਗਿਆ। ਪਠਾਣਮਾਜਰਾ ਖਿਲਾਫ ਕੇਸ ਅਜਿਹੇ ਮੌਕੇ ਦਰਜ ਕੀਤਾ ਗਿਆ ਹੈ ਜਦੋਂ ‘ਆਪ’ ਵਿਧਾਇਕ ਵੱਲੋਂ ਹੜ੍ਹ ਪ੍ਰਬੰਧਨ ਤੇ ਰਾਹਤ ਕਾਰਜਾਂ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਗਈ ਸੀ।