Breaking News
Home / ਪੰਜਾਬ / ਜੱਲ੍ਹਿਆਂਵਾਲਾ ਬਾਗ ਲੋਕਾਂ ਵਾਸਤੇ ਅਜੇ ਤੱਕ ਨਹੀਂ ਖੁੱਲ੍ਹ ਸਕਿਆ

ਜੱਲ੍ਹਿਆਂਵਾਲਾ ਬਾਗ ਲੋਕਾਂ ਵਾਸਤੇ ਅਜੇ ਤੱਕ ਨਹੀਂ ਖੁੱਲ੍ਹ ਸਕਿਆ

ਕਰੋਨਾ ਵਾਇਰਸ ਕਰਕੇ ਉਸਾਰੀ ਦਾ ਕੰਮ ਪੱਛੜਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਕਰੋਨਾ ਸੰਕਟ ਕਾਰਨ ਜੱਲ੍ਹਿਆਂਵਾਲਾ ਬਾਗ ਵਿਚ ਚੱਲ ਰਿਹਾ ਉਸਾਰੀ ਦਾ ਕੰਮ ਪ੍ਰਭਾਵਿਤ ਹੋਇਆ ਹੈ ਅਤੇ ਇਸ ਨੂੰ ਲੋਕਾਂ ਵਾਸਤੇ ਖੋਲ੍ਹਣ ਦੀ ਤਰੀਕ ਵੀ ਫਿਲਹਾਲ ਅਣਮਿੱਥੇ ਸਮੇਂ ਲਈ ਅਗਾਂਹ ਪਾ ਦਿੱਤੀ ਗਈ ਹੈ। ਇਸ ਇਤਿਹਾਸਕ ਯਾਦਗਾਰ ਵਿਚ ਚੱਲ ਰਹੇ ਉਸਾਰੀ ਕਾਰਜ ਨੂੰ ਨਿਰਵਿਘਨ ਪੂਰਾ ਕਰਨ ਅਤੇ 13 ਅਪਰੈਲ ਤੱਕ ਲੋਕਾਂ ਲਈ ਖੋਲ੍ਹਣ ਵਾਸਤੇ ਇਸ ਨੂੰ 15 ਫਰਵਰੀ ਨੂੰ ਬੰਦ ਕਰ ਦਿੱਤਾ ਗਿਆ ਸੀ।
ਉਸ ਵੇਲੇ ਅਪਰੈਲ ਦੇ ਪਹਿਲੇ ਹਫ਼ਤੇ ਤੱਕ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਅਤੇ 13 ਅਪਰੈਲ ਤੱਕ ਇਸ ਨੂੰ ਲੋਕਾਂ ਲਈ ਖੋਲ੍ਹਣਾ ਸੀ। ਜੱਲ੍ਹਿਆਂਵਾਲਾ ਬਾਗ਼ ਸਾਕੇ ਦਾ 101ਵਾਂ ਸਾਲ ਮਨਾਉਣ ਲਈ ਇਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਸਨ ਪਰ ਮਾਰਚ ਦੇ ਅਖ਼ੀਰਲੇ ਹਫ਼ਤੇ ਕਰੋਨਾ ਸੰਕਟ ਕਾਰਨ ਸਮੁੱਚੇ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਾਰਨ ਜੱਲ੍ਹਿਆਂਵਾਲਾ ਬਾਗ਼ ਨੂੰ ਖੋਲ੍ਹਣ ਦੀ ਮਿਤੀ ਵੀ 15 ਜੂਨ ਕਰ ਦਿੱਤੀ ਗਈ। ਹੁਣ 15 ਜੂਨ ਵੀ ਲੰਘ ਚੁੱਕੀ ਹੈ ਪਰ ਕਰੋਨਾ ਮਹਾਮਾਰੀ ਕਾਰਨ ਇੱਥੇ ਚੱਲ ਰਿਹਾ ਕੰਮ ਮੁਕੰਮਲ ਨਹੀਂ ਹੋਇਆ। ਇਸ ਸਬੰਧੀ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਟਰਸੱਟ ਦੇ ਮੈਂਬਰ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਦੇਸ਼ ਵਿਚ ਕਰੋਨਾ ਮਹਾਮਾਰੀ ਦੌਰਾਨ ਇਹ ਯੋਜਨਾ ਨਿਰਧਾਰਤ ਸਮੇਂ ਵਿਚ ਮੁਕੰਮਲ ਨਹੀਂ ਹੋ ਸਕੀ।
ਉਂਜ ਵੀ ਕਰੋਨਾ ਸੰਕਟ ਕਾਰਨ ਇਸ ਨੂੰ ਹੁਣ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੀ ਲੋਕਾਂ ਵਾਸਤੇ ਖੋਲ੍ਹਿਆ ਜਾਵੇਗਾ। ਸਰਕਾਰ ਵੱਲੋਂ ਸਾਰੀਆਂ ਜਨਤਕ ਥਾਵਾਂ ਅਤੇ ਯਾਦਗਾਰਾਂ ‘ਤੇ ਲੋਕਾਂ ਦੀ ਆਮਦ ‘ਤੇ ਰੋਕ ਲਾਈ ਗਈ ਹੈ।
ਕਰੋਨਾਵਾਇਰਸ ਕਾਰਨ ਉਸਾਰੀ ਕੰਮਾਂ ਦੀ ਗਤੀ ਵੀ ਸੁਸਤ ਰਹੀ ਹੈ। ਉਨ੍ਹਾਂ ਆਖਿਆ ਕਿ ਕਰੋਨਾ ਸੰਕਟ ਦੇ ਖਤਮ ਹੋਣ ਮਗਰੋਂ ਹੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ।
80 ਫ਼ੀਸਦ ਕੰਮ ਮੁਕੰਮਲ ਹੋਇਆ
ਸੂਤਰਾਂ ਅਨੁਸਾਰ ਜੱਲ੍ਹਿਆਂਵਾਲਾ ਬਾਗ਼ ਦੇ ਉਸਾਰੀ ਕਾਰਜ ਲਈ ਲੱਗੇ ਮਜ਼ਦੂਰ ਗੁਜਰਾਤ, ਯੂਪੀ ਤੇ ਬਿਹਾਰ ਆਦਿ ਸੂਬਿਆਂ ਤੋਂ ਆਏ ਸਨ, ਜੋ ਕਰੋਨਾ ਸੰਕਟ ਦੌਰਾਨ ਵੀ ਇੱਥੇ ਹੀ ਰਹੇ। ਮੌਜੂਦਾ ਹਾਲਾਤ ਮੁਤਾਬਕ ਨਿਸ਼ਚਿਤ ਦੂਰੀ ਤੇ ਹੋਰ ਸਾਵਧਾਨੀਆਂ ਵਰਤਦਿਆਂ ਉਨ੍ਹਾਂ ਵੱਲੋਂ ਕੰਮ ਜਾਰੀ ਰੱਖਿਆ ਗਿਆ ਹੈ। ਲਗਪਗ 80 ਫ਼ੀਸਦ ਕੰਮ ਮੁਕੰਮਲ ਹੋ ਚੁੱਕਾ ਹੈ, ਜਿਸ ਤਹਿਤ ਸ਼ਹੀਦੀ ਖੂਹ ਦਾ ਬਾਹਰਲਾ ਢਾਂਚਾ ਉਸਾਰਿਆ ਗਿਆ ਹੈ। ਯਾਦਗਾਰ ਨੂੰ ਜਾਂਦੇ ਰਸਤੇ ਨੂੰ ਵੀ ਨਵੀਂ ਦਿੱਖ ਦਿੱਤੀ ਗਈ ਹੈ। ਨਵੀਆਂ ਲਾਈਟਾਂ ਲਾਈਆਂ ਜਾ ਰਹੀਆਂ ਹਨ। ਫਿਲਹਾਲ ਇਹ ਕੰਮ ਜਾਰੀ ਹੈ ਤੇ ਇਕ ਦੋ ਮਹੀਨੇ ਵਿਚ ਮੁਕੰਮਲ ਹੋਣ ਦੀ ਉਮੀਦ ਹੈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …