Breaking News
Home / ਪੰਜਾਬ / ਮੇਲੇ ਨੇ ਕਰਵਾਇਆ ਭਾਰਤੀ ਖੰਨਾ ਤੇ ਪਾਕਿਸਤਾਨੀ ਹਿਨਾ ਦਾ ਮੇਲ

ਮੇਲੇ ਨੇ ਕਰਵਾਇਆ ਭਾਰਤੀ ਖੰਨਾ ਤੇ ਪਾਕਿਸਤਾਨੀ ਹਿਨਾ ਦਾ ਮੇਲ

logo-2-1-300x105-3-300x105ਸਰਹੱਦੋਂ ਪਾਰ ਵੀ ਦਿਲਾਂ ‘ਚ ਕਾਇਮ ਹੈ ਮੁਹੱਬਤ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ ਦੇ ਪੰਕਜ ਖੰਨਾ ਤੇ ਪਾਕਿਸਤਾਨ ਦੀ ਹਿਨਾ ਅੰਜੂਮ ਦੇ ਮੇਲਿਆਂ ਵਿਚ ਇਕੱਠੇ ਕੰਮ ਕਰਨ ਦੇ ਜਨੂੰਨ ਨੇ ਜ਼ਿੰਦਗੀ ਵੀ ਇਕੱਠੇ ਬਤੀਤ ਕਰਨ ਲਈ ਨਿਕਾਹ ਤੋਂ ਬਾਅਦ ਇਕ ਦੂਜੇ ਨਾਲ ਮਿਲਾ ਦਿੱਤਾ। ਕਰਾਚੀ, ਪਾਕਿਸਤਾਨ ਵਾਸੀ ਹਿਨਾ ਅੰਜੂਮ ਪੀਐਚਡੀ ‘ਚ ਫਿਰ ਸਟਾਲ ਲਗਾਉਣ ਪਹੁੰਚੀ ਹੋਈ ਹੈ, ਜਿੱਥੇ ਭਾਰਤ ਦੇ ਪੰਕਜ ਖੰਨਾ ਦਾ ਉਸ ਨਾਲ ਫਿਰ ਮਿਲਾਪ ਹੋਇਆ। ਪੰਕਜ ਖੰਨਾ ਨੇ ਦੱਸਿਆ ਕਿ ਉਹ ਭਾਰਤ ਵਿਚ ਵੱਖ-ਵੱਖ ਥਾਵਾਂ ‘ਤੇ ਲੱਗਣ ਵਾਲੇ ਮੇਲਿਆਂ ਵਿਚ ਸਟਾਲ ਲਗਾ ਕੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਕਿੱਤੇ ਨੂੰ ਅਪਣਾ ਚੁੱਕੇ ਹਨ। ਉਹ ਕਸਟਮ ਕਲੀਅਰੈਂਸ ਦਾ ਕੰਮ ਵੀ ਕਰਦੇ ਹਨ। ਉਹ ਮੇਲਿਆਂ ‘ਚ ਸਟਾਲ ਲਗਾਉਣ ਦਾ ਕੰਮ 2004 ਤੋਂ ਕਰ ਰਹੇ ਹਨ।
2007 ਵਿਚ ਪ੍ਰਗਤੀ ਮੈਦਾਨ ਵਿਚ ਉਨ੍ਹਾਂ ਸਟਾਲ ਲਗਾਇਆ ਸੀ, ਜਿੱਥੇ ਉਹਨਾਂ ਦੀ ਮੁਲਾਕਾਤ ਪਾਕਿਸਤਾਨ ਦੀ ਹਿਨਾ ਅੰਜੂਮ ਨਾਲ ਹੋਈ। ਉਸ ਸਮੇਂ ਗਾਹਕ ਘੱਟ ਹੋਣ ਕਾਰਨ ਹਿਨਾ ਦਾ ਪਾਕਿਸਤਾਨ ਤੋਂ ਲਿਆਂਦਾ ਗਿਆ ਸਮਾਨ ਨਹੀਂ ਵਿਕਿਆ।
ਹਿਨਾ ਦੀ ਨਿਰਾਸ਼ਾ ਨੂੰ ਦੇਖਦਿਆਂ ਉਸ ਨੇ ਚੰਡੀਗੜ੍ਹ ਲੱਗਣ ਵਾਲੇ ਮੇਲੇ ਵਿਚ ਸਟਾਲ ਲਗਾਉਣ ਦੀ ਸਲਾਹ ਦਿੱਤੀ। ਚੰਡੀਗੜ੍ਹ ਦੇ ਮੇਲੇ ਵਿਚ ਚੰਗੀ ਸੇਲ ਹੋਣ ‘ਤੇ ਹਿਨਾ ਦੀ ਨਿਰਾਸ਼ਾ ਦੂਰ ਹੋਈ ਤੇ ਮੇਲੇ ਵਿਚ ਸਟਾਲ ਲਗਾਉਣ ਦਾ ਕੰਮ ਲਗਾਤਾਰ ਕਰਨ ਲਈ ਉਨ੍ਹਾਂ ਦੀ ਸਲਾਹ ਲੈਣੀ ਸ਼ੁਰੂ ਕੀਤੀ। ਲਗਾਤਾਰ ਤਾਲਮੇਲ ਨਾਲ ਉਨ੍ਹਾਂ ਵਿਚ ਮੁਹੱਬਤ ਪੈਦਾ ਹੋਈ, ਜਿਸ ਨੂੰ ਜੀਵਨ ਸਾਥੀ ਚੁਣਦਿਆਂ 24 ਜੂਨ 2011 ਨੂੰ ਨਿਕਾਹ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਲਈ ਉਨ੍ਹਾਂ ਨੇ ਨਿਜ਼ਾਮੂਦੀਨ ਮਸਜਿਦ ਵਿਚ ਸਲੀਮ ਮਟਕਾ ਪੀਰ ਦੀ ਗਵਾਹੀ ਵਿਚ ਪੰਕਜ ਖੰਨਾ ਤੋਂ ਪਰਵੇਸ਼ ਖੰਨਾ ਹੁੰਦੇ ਹੋਏ ਇਸਲਾਮ ਕਬੂਲ ਕੀਤਾ। ਉਹਨਾਂ ਦੱਸਿਆ ਕਿ ਉਹ ਤੇ ਹਿਨਾ ਅੰਜੂਮ ਵੱਖ-ਵੱਖ ਦੇਸ਼ਾਂ ਦੇ ਵਸਨੀਕ ਹੋਣ ਕਾਰਨ ਅੱਜ ਵੀ ਇਕੱਠੇ ਨਹੀਂ ਰਹਿ ਸਕਦੇ। ਹਿਨਾ ਅੰਜੂਮ ਕਰਾਚੀ ਵਿਚ ਚਾਰ ਧੀਆਂ ਨਾਲ ਰਹਿੰਦੀ ਹੈ ਤੇ ਖੰਨਾ ਦਿੱਲੀ ਵਿਚ ਦੋ ਪੁੱਤਰਾਂ ਨਾਲ ਰਹਿੰਦਾ ਹੈ। ਭਾਰਤ ਵਿਚ ਵੱਖ-ਵੱਖ ਥਾਵਾਂ ‘ਤੇ ਲੱਗਣ ਵਾਲੇ ਮੇਲਿਆਂ ਵਿਚ ਸੰਯੋਗ ਨਾਲ ਉਹ ਇਕੱਠੇ ਹੁੰਦੇ ਹਨ। ਉਹਨਾਂ ਦੱਸਿਆ ਕਿ ਉਹ 70 ਤੋਂ ਵੱਧ ਮੇਲਿਆਂ ਵਿਚ ਵੱਡੇ ਪੱਧਰ ‘ਤੇ ਸਟਾਲ ਲਗਾਉਂਦੇ ਹਨ।
ਇਸ ਮੌਕੇ ਹਿਨਾ ਨੇ ਦੱਸਿਆ ਕਿ ਉਹ ਇਕ ਡਰੈਸ ਡਿਜ਼ਾਈਨਰ ਹੈ, ਮੇਲਿਆਂ ਵਿਚ ਉਹ ਨਵੇਂ ਡਿਜ਼ਾਈਨ ਨਾਲ ਹੀ ਤਿਆਰ ਕੀਤੀਆਂ ਡਰੈਸਾਂ ਸਟਾਲ ਵਿਚ ਲਗਾਉਂਦੀ ਹੈ। ਨਵੇਂ ਡਿਜ਼ਾਈਨ ਕਾਰਨ ਉਨ੍ਹਾਂ ਵਲੋਂ ਤਿਆਰ ਕੀਤੀਆਂ ਡਰੈਸਾਂ ਗਾਹਕਾਂ ਨੂੰ ਪਸੰਦ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਰਵੇਸ਼ ਖੰਨਾ ਨਾਲ ਜੀਵਨ ਬਤੀਤ ਕਰਨ ਵਿਚ ਉਹ ਖੁਸ਼ ਹਨ। ਉਹਨਾਂ ਕਿਹਾ ਕਿ ਸਾਡੀ ਮੁਹੱਬਤ ਦੋਹਾਂ ਦੇਸ਼ਾਂ ਲਈ ਪਿਆਰ ਦਾ ਸੁਨੇਹਾ ਹੈ।

Check Also

ਜੰਮੂ ਕਸ਼ਮੀਰ ਦੇ ਪੁਣਛ ‘ਚ ਮੁਕਾਬਲੇ ਦੌਰਾਨ ਨਾਇਬ ਸੂਬੇਦਾਰ ਸਮੇਤ 5 ਜਵਾਨ ਸ਼ਹੀਦ

ਤਿੰਨ ਜਵਾਨ ਪੰਜਾਬ, ਇਕ ਯੂ.ਪੀ. ਅਤੇ ਇਕ ਕੇਰਲਾ ਨਾਲ ਸਬੰਧਤ ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …