17 C
Toronto
Sunday, October 5, 2025
spot_img
Homeਪੰਜਾਬਧੋਖੇਬਾਜ਼ ਚੀਨ ਦੇ ਹਮਲੇ ਵਿਚ ਸ਼ਹੀਦੀਆਂ ਪਾਉਣ ਵਾਲੇ ਜਵਾਨਾਂ ਨੂੰ ਪੰਜਾਬ ਦਾ...

ਧੋਖੇਬਾਜ਼ ਚੀਨ ਦੇ ਹਮਲੇ ਵਿਚ ਸ਼ਹੀਦੀਆਂ ਪਾਉਣ ਵਾਲੇ ਜਵਾਨਾਂ ਨੂੰ ਪੰਜਾਬ ਦਾ ਪ੍ਰਣਾਮ

ਸੰਗਰੂਰ : ਗੁਰਵਿੰਦਰ ਸਿੰਘ (22)
8 ਮਹੀਨੇ ਪਹਿਲਾਂ ਮੰਗਣੀ ਹੋਈ ਸੀ ਸਰਦੀਆਂ ਵਿਚ ਹੋਣਾ ਸੀ ਵਿਆਹ
ਸੰਗਰੂਰ ਦੇ ਪਿੰਡ ਤੋਲਾਵਾਲ ਦਾ 22 ਸਾਲਾ ਗੁਰਵਿੰਦਰ ਸਿੰਘ 2018 ਵਿਚ ਪਟਿਆਲਾ ਦੀ ਪੰਜਾਬ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਨਵੰਬਰ 2019 ਵਿਚ ਨੌਕਰੀ ਜੌਇਨ ਕਰਨ ਤੋਂ ਬਾਅਦ ਹੀ ਗੁਰਵਿੰਦਰ ਗਲਵਾਨ ਘਾਟੀ ਵਿਚ ਤੈਨਾਤ ਸੀ। ਗੁਰਵਿੰਦਰ ਸਿੰਘ ਪਰਿਵਾਰ ਵਿਚ ਸਭ ਤੋਂ ਛੋਟਾ ਸੀ। ਗੁਰਵਿੰਦਰ ਦਾ ਵੱਡਾ ਭਰਾ ਅਤੇ ਭੈਣ ਦੋਵੇਂ ਸ਼ਾਦੀਸ਼ੁਦਾ ਹਨ, ਜਦਕਿ ਗੁਰਵਿੰਦਰ ਦੀ 8 ਮਹੀਨੇ ਪਹਿਲਾਂ ਮੰਗਣੀ ਹੋਈ ਸੀ। 18 ਦਿਨ ਪਹਿਲਾਂ ਹੀ ਗੁਰਵਿੰਦਰ ਨਾਲ ਪਰਿਵਾਰ ਦੀ ਗੱਲਬਾਤ ਹੋਈ ਅਤੇ ਤੈਅ ਕੀਤਾ ਗਿਆ ਸੀ ਕਿ ਉਸਦਾ ਵਿਆਹ ਸਰਦੀਆਂ ਵਿਚ ਕਰਾਂਗੇ। ਜਿਸ ਤੋਂ ਬਾਅਦ ਪੂਰਾ ਪਰਿਵਾਰ ਲਾਡਲੇ ਦੇ ਵਿਆਹ ਦੀਆਂ ਤਿਆਰੀਆਂ ਵਿਚ ਲੱਗ ਗਿਆ। ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਸ਼ ਤੋਂ ਪਿਆਰ ਕਰਨ ਵਾਲੇ ਗੁਰਵਿੰਦਰ ਦੀ ਇੱਛਾ ਸੀ ਕਿ ਉਹ ਫੌਜ ਵਿਚ ਭਰਤੀ ਹੋਣ ਤੋਂ ਬਾਅਦ ਹੀ ਵਿਆਹ ਕਰਵਾਏਗਾ। ਗੁਰਵਿੰਦਰ ਨੇ ਦੱਸਿਆ ਸੀ ਕਿ ਉਹ ਛੇਤੀ ਹੀ ਅਧਿਕਾਰੀਆਂ ਕੋਲ ਛੁੱਟੀ ਲਈ ਅਪਲਾਈ ਵੀ ਕਰੇਗਾ।
ਪਟਿਆਲਾ : ਨਾਇਬ ਸੂਬੇਦਾਰ ਮਨਦੀਪ ਸਿੰਘ (40)
3 ਭੈਣਾਂ ਵਿਚੋਂ ਇਕਲੌਤਾ ਸੀ, ਕੁਝ ਦਿਨ ਪਹਿਲਾਂ ਗਿਆ ਸੀ
ਪਟਿਆਲਾ ਦੇ ਘਨੌਰ ਹਲਕੇ ਦੇ ਪਿੰਡ ਸੀਲ ਦੇ ਰਹਿਣ ਵਾਲੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਮਾਂ ਸਕੁੰਤਲਾ ਨੇ ਰੋਂਦੇ ਹੋਏ ਦੱਸਿਆ ਕਿ ਉਸਦਾ ਪੁੱਤਰ 3 ਭੈਣਾਂ ਦਾ ਇਕਲੌਤਾ ਭਰਾ ਅਤੇ ਉਸਦੇ ਬੁਢਾਪੇ ਦਾ ਸਹਾਰਾ ਸੀ। ਸ਼ਹੀਦ ਦੀ ਪਤਨੀ ਗੁਰਦੀਪ ਕੌਰ ਨੇ ਵਿਲਖਦੇ ਹੋਏ ਦੱਸਿਆ ਕਿ ਉਸਦੀ ਕੁਝ ਦਿਨ ਪਹਿਲਾਂ ਹੀ ਮਨਦੀਪ ਨਾਲ ਗੱਲਬਾਤ ਹੋਈ ਸੀ, ਪਰ ਹੁਣ ਸਿਗਨਲ ਨਾ ਹੋਣ ਕਾਰਨ ਗੱਲ ਨਹੀਂ ਸੀ ਹੋ ਰਹੀ। 20 ਮਾਰਚ 1980 ਨੂੰ ਜਨਮੇ ਮਨਦੀਪ ਸਿੰਘ 1997 ਵਿਚ ਫੌਜ ਵਿਚ ਭਰਤੀ ਹੋਏ ਸਨ। ਉਹ ਲਾਕ ਡਾਊਨ ਕਰਕੇ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਸਨ। ਉਥੇ, ਮਨਦੀਪ ਦੇ ਦੋਸਤ ਜ਼ੋਰਾ ਨੇ ਦੱਸਿਆ ਕਿ ਮਨਦੀਪ ਨੇ ਦੱਸਿਆ ਸੀ ਕਿ ਉਸਦੀ ਪਲਟਣ ਵਿਚ 144 ਫੌਜੀ ਹਨ ਅਤੇ ਉਹ 8 ਫੌਜੀਆਂ ਦੀ ਟੁਕੜੀ ਦਾ ਕਮਾਂਡਰ ਸੀ।

ਮਾਨਸਾ : ਨਾਇਬ ਗੁਰਤੇਜ ਸਿੰਘ (22)
ਭਰਾ ਦੇ ਵਿਆਹ ‘ਚ ਨਾ ਆ ਸਕਿਆ, ਕਿਹਾ – ਭਾਬੀ ਨੂੰ ਛੇਤੀ ਮਿਲਾਂਗਾ
ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਨਾਇਬ ਗੁਰਤੇਜ ਸਿੰਘ ਦੇ ਸ਼ਹੀਦ ਹੋਣ ਦੀ ਜਦ ਖਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਗੁਰਦੁਆਰਾ ਪਾਹਨ ਸਾਹਿਬ ਸੈਦੇਵਾਲਾ ਗਿਆ ਹੋਇਆ ਸੀ। ਦੋ ਹਫਤੇ ਪਹਿਲਾਂ ਜਦ ਪਰਿਵਾਰ ਨਾਲ ਗੁਰਤੇਜ ਸਿੰਘ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਭਰਾ ਨੂੰ ਕਿਹਾ ਕਿ ਵੀਰੇ ਘਾਟੀ ਵਿਚ ਹਾਲਾਤ ਖਰਾਬ ਹੋਣ ਕਰਕੇ ਮੈਂ ਤੇਰੀ ਬਰਾਤ ਵਿਚ ਨਹੀਂ ਆ ਸਕਾਂਗਾ, ਪਰ ਹਾਲਾਤ ਕਾਬੂ ਹੋਣ ਤੋਂ ਬਾਅਦ ਜਲਦੀ ਛੁੱਟੀ ਲੈ ਕੇ ਆਪਣੀ ਨਵੀਂ ਭਾਬੀ ਨੂੰ ਮਿਲਣ ਲਈ ਪਹੁੰਚਾਂਗਾ। ਹੁਣ ਮੇਰੀ ਡਿਊਟੀ ਉਪਰ ਲੱਗ ਗਈ ਹੈ। ਉਥੇ ਨੈਟਵਰਕ ਨਾ ਹੋਣ ਕਰਕੇ ਉਹ ਫੋਨ ਨਹੀਂ ਕਰ ਸਕੇਗਾ। ਸ਼ਹੀਦ ਦੀ ਮਾਂ ਨੇ ਦੱਸਿਆ ਕਿ ਉਸਦੀ ਬਚਪਨ ਤੋਂ ਹਰ ਇੱਛਾ ਨੂੰ ਪਰਿਵਾਰ ਨੇ ਪੂਰਾ ਕੀਤਾ। ਉਸ ਨੂੰ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸ਼ੌਕ ਸੀ। ਇਸ ਲਈ ਪਰਿਵਾਰ ਨੇ ਉਸ ਨੂੰ ਕਦੀ ਨਹੀਂ ਰੋਕਿਆ।
ਗੁਰਦਾਸਪੁਰ : ਨਾਇਬ ਸੂਬੇਦਾਰ ਸਤਨਾਮ ਸਿੰਘ (42)
ਭਰਾ ਨੇ ਕਿਹਾ – ਸਤਨਾਮ ਦੀ ਪ੍ਰੇਰਨਾ ਨਾਲ ਹੀ ਮੈਂ ਵੀ ਫੌਜੀ ਬਣਿਆ
ਭਰਾ ਦੀ ਪ੍ਰੇਰਨਾ ਨਾਲ ਹੀ ਮੈਂ ਵੀ ਫੌਜੀ ਬਣਿਆ, ਚੀਨ ਨਾਲ ਜੰਗ ਵਿਚ ਭੇਜਿਆ ਤਾਂ ਭਰਾ ਦੀ ਸ਼ਹਾਦਤ ਦਾ ਬਦਲਾ ਜ਼ਰੂਰ ਲਵਾਂਗਾ। ਇਹ ਗੱਲ ਪਿੰਡ ਭੋਜਰਾਜ ਨਿਵਾਸੀ ਸ਼ਹੀਦ ਨਾਇਬ ਸੂਬੇਦਾਰ ਸੁਖਚੈਨ ਸਿੰਘ ਨੇ ਕਹੀ। ਸਤਨਾਮ ਸਿੰਘ ਪਿਛਲੇ ਸਾਲ ਹੀ ਨਾਇਬ ਸੂਬੇਦਾਰ ਬਣੇ ਸਨ। ਉਹ ਦੋ ਮਹੀਨੇ ਦੀ ਛੁੱਟੀ ਕੱਟਣ ਤੋਂ ਬਾਅਦ 16 ਮਾਰਚ ਨੂੰ ਘਰ ਤੋਂ ਰਵਾਨਾ ਹੋਏ ਸਨ ਅਤੇ 22 ਮਾਰਚ ਨੂੰ ਉਸਦੀ ਦਿੱਲੀ ਤੋਂ ਲੇਹ ਲਈ ਫਲਾਈਟ ਸੀ। ਅਜੇ ਸੋਮਵਾਰ ਨੂੰ ਹੀ ਉਸਦੀ ਆਪਣੇ ਭਰਾ ਨਾਲ ਗੱਲ ਹੋਈ ਸੀ। ਕਿਸ ਨੂੰ ਪਤਾ ਸੀ ਉਹ ਉਸਦਾ ਆਖਰੀ ਫੋਨ ਹੋਵੇਗਾ। 24 ਸਾਲ ਤੱਕ ਫੌਜ ਵਿਚ ਸੇਵਾ ਨਿਭਾਉਣ ਵਾਲਾ ਸਤਨਾਮ ਸਿੰਘ ਪਰਿਵਾਰ ਵਿਚ ਪਹਿਲਾ ਫੌਜੀ ਸੀ। ਸਤਨਾਮ ਸਿੰਘ ਆਪਣੇ ਪਿੰਡ ਬੇਟਾ ਪ੍ਰਭਜੋਤ ਸਿੰਘ, ਬੇਟੀ ਸੰਦੀਪ ਕੌਰ, ਪਤਨੀ ਜਸਵਿੰਦਰ ਕੌਰ, ਪਿਤਾ ਜਗੀਰ ਸਿੰਘ ਅਤੇ ਮਾਤਾ ਜਸਬੀਰ ਕੌਰ ਨੂੰ ਛੱਡ ਗਏ ਹਨ।

RELATED ARTICLES
POPULAR POSTS