ਸਰਕਾਰ ਵੱਲ ਬਕਾਇਆ 300 ਕਰੋੜ ਰੁਪਏ ਦੇ ਕਰੀਬ ਹੋਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਲਈ ਆਰਥਿਕ ਤੰਗੀ ਨਾਲ ਜੂਝ ਰਹੇ ਆਪਣੇ ਵਿਭਾਗਾਂ ਨੂੰ ਸੰਕਟ ਵਿਚੋਂ ਕੱਢਣਾ ਇਕ ਚੁਣੌਤੀ ਬਣ ਗਿਆ ਹੈ। ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਨੂੰ ਅਜੇ ਤੱਕ ਸਤੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਕਾਮੇ ਨਿਰਾਸ਼ਾ ’ਚ ਦੇਖੇ ਜਾ ਸਕਦੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਤਨਖਾਹਾਂ ਅਕਸਰ ਹੀ ਲੇਟ ਮਿਲ ਰਹੀਆਂ ਹਨ। ਮੁਫਤ ਦੀਆਂ ਸਕੀਮਾਂ ਦੇ ਚੱਲਦਿਆਂ ਪੀਆਰਟੀਸੀ ਅਤੇ ਪਨਬਸਾਂ ਦਾ ਸਰਕਾਰ ਵੱਲ ਬਕਾਇਆ 300 ਕਰੋੜ ਰੁਪਏ ਦੇ ਕਰੀਬ ਹੋ ਗਿਆ ਹੈ। ਪੰਜਾਬ ਸਰਕਾਰ ਵੱਲ ਪਨਬਸ ਦਾ ਕਰੀਬ 100 ਕਰੋੜ ਰੁਪਏ ਬਕਾਇਆ ਅਤੇ ਪੀਆਰਟੀਸੀ ਦਾ ਕਰੀਬ 200 ਕਰੋੜ ਰੁਪਏ ਦਾ ਬਕਾਇਆ ਹੈ। ਪੰਜਾਬ ਸਰਕਾਰ ਨੋੇ ਦੋਵਾਂ ਰੋਡਵੇਜ਼ ਦਾ 300 ਕਰੋੜ ਰੁਪਏ ਦਾ ਬਕਾਇਆ ਦੇਣਾ ਹੈ। ਇਸਦੇ ਚੱਲਦਿਆਂ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਸਰਕਾਰੀ ਬੱਸਾਂ ਦੇ ਕੰਡਕਟਰਾਂ ਦਾ ਕਹਿਣਾ ਹੈ ਕਿ ਬੱਸਾਂ ਵਿਚ ਸਿਰਫ 10 ਤੋਂ 15 ਸਵਾਰੀਆਂ ਪੈਸੇ ਦੇ ਕੇ ਟਿਕਟ ਲੈ ਕੇ ਸਫਰ ਕਰਦੀਆਂ ਹਨ ਅਤੇ ਬਾਕੀ ਸਾਰੀ ਬੱਸ ਮੁਫਤ ਵਾਲੀਆਂ ਸਵਾਰੀਆਂ ਨਾਲ ਭਰੀ ਹੁੰਦੀ ਹੈ। ਇਸਦੇ ਚੱਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇ ਕੇ ਸਰਕਾਰ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਨ੍ਹੇਰੇ ਵਿਚ ਧੱਕ ਰਹੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।