Breaking News
Home / ਪੰਜਾਬ / ਭਾਜਪਾ ਨੇ ਹੁਸ਼ਿਆਰਪੁਰ ਦੇ ਕਿਸਾਨ ਨੂੰ ਦੱਸਿਆ ‘ਖੁਸ਼ਹਾਲ’ – ਹੋਈ ਕਿਰਕਿਰੀ

ਭਾਜਪਾ ਨੇ ਹੁਸ਼ਿਆਰਪੁਰ ਦੇ ਕਿਸਾਨ ਨੂੰ ਦੱਸਿਆ ‘ਖੁਸ਼ਹਾਲ’ – ਹੋਈ ਕਿਰਕਿਰੀ

ਜਿਸ ਕਿਸਾਨ ਹਰਪ੍ਰੀਤ ਦੀ ਫੋਟੋ ਪੋਸਟਰ ਉਤੇ ਲਗਾਈ ਉਹ ਸਿੰਘੂ ਬਾਰਡਰ ‘ਤੇ ਕਿਸਾਨੀ ਸੰਘਰਸ਼ ‘ਚ ਸ਼ਾਮਲ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਭਾਜਪਾ ਨੇ ਸੋਸ਼ਲ ਮੀਡੀਆ ‘ਤੇ ਖੇਤੀ ਕਾਨੂੰਨਾਂ ਵਿਚ ਐਮਐਸਪੀ ਦੀ ਹਕੀਕਤ ਬਿਆਨ ਕਰਨ ਵਾਲੇ ਪੋਸਟਰ ਵਿਚ ਜਿਸ ਕਿਸਾਨ ਦੀ ਫੋਟੋ ਲਗਾਈ ਹੈ, ਉਹ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਨਡਾਲੋਂ ਦਾ ਕਿਸਾਨ ਹਰਪ੍ਰੀਤ ਸਿੰਘ ਹੈ। ਪਿਛਲੇ ਦੋ ਹਫਤਿਆਂ ਤੋਂ ਆਪਣੇ ਪਿੰਡ ਵਾਸੀਆਂ ਨਾਲ ਹਰਪ੍ਰੀਤ ਵੀ ਦਿੱਲੀ ਦੇ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਦੇ ਰਿਹਾ ਹੈ। ਭਾਜਪਾ ਵਲੋਂ ਹਰਪ੍ਰੀਤ ਦੀ ਫੋਟੋ ਇਸਤੇਮਾਲ ਕਰਨ ਦੀ ਗੱਲ ਜਦ ਹਰਪ੍ਰੀਤ ਕੋਲ ਪਹੁੰਚੀ ਤਾਂ ਉਸ ਨੇ ਇਸਦਾ ਵਿਰੋਧ ਕੀਤਾ। ਇਸ ਤੋਂ ਬਾਅਦ ਭਾਜਪਾ ਨੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਹੈ। ਦੂਜੀ ਪਾਸੇ, ਇਸ ਪੋਸਟਰ ਨਾਲ ਸੋਸ਼ਲ ਮੀਡੀਆ ‘ਤੇ ਭਾਜਪਾ ਦੀ ਕਿਰਕਿਰੀ ਵੀ ਹੋ ਰਹੀ ਹੈ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਪੋਸਟਰ ਪਾਰਟੀ ਹਾਈ ਕਮਾਨ ਵਲੋਂ ਜਾਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਜਾਰੀ ਹੈ, ਜਾਰੀ ਰਹੇਗੀ। ਇਸ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ।
ਹਰਪ੍ਰੀਤ ਪਹਿਲੇ ਦਿਨ ਤੋਂ ਹੀ ਅੰਦੋਲਨ ਵਿਚ ਸ਼ਾਮਲ : ਸਾਬਕਾ ਸਰਪੰਚ
ਕਿਸਾਨਾਂ ਨਾਲ ਸੰਘਰਸ਼ ਕਰ ਰਹੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਨੇ ਮੇਰੀ ਫੋਟੋ ਦਾ ਇਸਤੇਮਾਲ ਕੀਤਾ ਹੈ। ਬਿਨਾ ਮੇਰੀ ਇਜਾਜ਼ਤ ਦੇ ਮੇਰੀ ਫੋਟੋ ਇਸਤੇਮਾਲ ਕਰਨਾ ਗਲਤ ਹੈ। ਮੈਂ ਤਾਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਹਾਂ। ਪੋਸਟਰ ਵਿਚ ਮੇਰੀ ਤਸਵੀਰ ਲੱਗਣ ਨਾਲ ਮੇਰੇ ਜਾਣਕਾਰਾਂ ਵਿਚ ਮੇਰੀ ਗਲਤ ਛਵੀ ਬਣੀ ਹੈ, ਜੋ ਦੁਖਦਾਈ ਹੈ। ਦਰਅਸਲ ਹਰਪ੍ਰੀਤ ਪੰਜਾਬੀ ਫਿਲਮ ‘ਬੰਬੂਕਾਟ’ ਵਿਚ ਰੋਲ ਨਿਭਾ ਚੁੱਕਾ ਹੈ। ਕਈ ਗਾਣਿਆਂ ਵਿਚ ਬਤੌਰ ਮਾਡਲ ਆ ਚੁੱਕਾ ਹੈ। ਪਿੰਡ ਨਡਾਲੋ ਦੇ ਸਾਬਕਾ ਸਰਪੰਚ ਜਸਬੀਰ ਭੱਟੀ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਪਿਛਲੇ ਦਿਨਾਂ ਤੋਂ ਹੀ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਹੈ।

ਸਿਫਰ ਤੋਂ ਸਿਖਰ ਤੱਕ
ਬਲਦਾਂ ਦੀਆਂ ਜੋੜੀਆਂ ਤੋਂ 5 ਲੱਖ ਟਰੈਕਟਰਾਂ ਤੱਕ ਪਹੁੰਚੇ ਕਿਸਾਨ
ਭਾਰਤ ਦੀ ਕੁੱਲ ਪੈਦਾਵਾਰ ‘ਚ 50 ਫੀਸਦੀ ਯੋਗਦਾਨ ਪੰਜਾਬੀ ਕਿਸਾਨਾਂ ਦਾ
ਜਲੰਧਰ : 5 ਹਜ਼ਾਰ ਸਾਲ ਪਹਿਲਾਂ ਮੌਜੂਦਾ ਪੰਜਾਬ ‘ਚ ਖੇਤੀ ਦੇ ਪ੍ਰਮਾਣ ਮਿਲਦੇ ਹਨ। ਵੈਦਿਕ ਕਾਲ ਤੋਂ ਹੁੰਦੇ ਹੋਏ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਹੁਣ ਦੇ ਪੰਜਾਬ ‘ਚ ਕਣਕ, ਜੌਂ ਦੀ ਖੇਤੀ ਦੇ ਪ੍ਰਮਾਣ ਖੁਦਾਈ ‘ਚ ਮਿਲਦੇ ਹਨ। 1960 ਤੱਕ ਪੰਜਾਬ ‘ਚ ਕਣਕ, ਜੌਂ, ਬਾਜਰਾ, ਕਪਾਹ ਆਦਿ ਮੁੱਖ ਫ਼ਸਲਾਂ ਹੁੰਦੀਆਂ ਸਨ। ਝੋਨਾ ਵੀ ਹੁੰਦਾ ਸੀ ਪ੍ਰੰਤੂ 1966 ਦੀ ਹਰੀ ਕ੍ਰਾਂਤੀ ਨੇ ਝੋਨੇ ਦੇ ਖੇਤਰ ‘ਚ ਚੋਖਾ ਵਾਧਾ ਕੀਤਾ ਜੋ ਕਿ 2020 ਤੱਕ 32 ਲੱਖ ਹੈਕਟੇਅਰ ਤੱਕ ਪਹੁੰਚ ਗਿਆ। 1960-61 ‘ਚ ਸੂਬੇ ਦਾ ਕੁੱਲ ਉਤਪਾਦਨ 3.6 ਮਿਲੀਅਨ ਟਨ ਪਾਰ ਕਰ ਚੁੱਕਿਆ ਸੀ। ਕੇਂਦਰੀ ਪੂਲ ‘ਚ ਅਸੀਂ ਝੋਨੇ ਅਤੇ ਕਣਕ ਦੀ ਪੈਦਾਵਾਰ ‘ਚ 50 ਫੀਸਦੀ ਯੋਗਦਾਨ ਦਿੰਦੇ ਹਾਂ। ਰਾਜ ‘ਚ ਫਸਲ ਦੀ ਤੀਬਰਤਾ (ਸ਼ੁੱਧ ਬੀਜੇ ਗਏ ਖੇਤਰ ਦਾ ਫਸਲੀ ਅਨੁਪਾਤ) 1960-61 ਦੀ 126 ਫੀਸਦੀ ਤੋਂ ਵਧ ਕੇ 2017-18 ‘ਚ 190 ਫੀਸਦੀ ਤੱਕ ਪਹੁੰਚੀ ਹੈ। ਭਾਰਤੀ ਖੇਤੀ ਰਿਪੋਰਟ 2012-13 ਦੇ ਅਨੁਸਾਰ ਪੰਜਾਬ ‘ਚ ਦੇਸ਼ ਦੇ ਸਭ ਤੋਂ ਜ਼ਿਆਦਾ ਫਸਲ ਦੀ ਤੀਬਰਤਾ ਹੈ। ਇਸ ਤੋਂ ਬਾਅਦ ਪੱਛਮੀ ਬੰਗਾਲ (185 ਫੀਸਦੀ) ਅਤੇ ਫਿਰ ਹਰਿਆਣਾ (181 ਫੀਸਦੀ) ਹੈ।
ਅਜਿਹਾ ਰਿਹਾ ਸਫ਼ਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਰਚੂਅਲ ਕਿਸਾਨ ਮੇਲੇ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਸਮੇਤ ਦੇਸ਼ ਕਦੇ ਪੀਐਲ-18 ਫੰਡ ਦੇ ਅਧੀਨ ਸੀ। ਇਸ ਫੰਡ ਦੇ ਅਧੀਨ ਅਮਰੀਕਾ ਤੋਂ ਕਣਕ ਖਰੀਦੀ ਜਾਂਦੀ ਸੀ। ਭਾਰਤ ਨੂੰ ਘਟੀਆ ਕਿਸਮ ਦੀ ਕਣਕ ਸਪਲਾਈ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਲਾਲ ਕਣਕ ਦੀ ਵਰਾਇਟੀ ਪੀਬੀ-18 ਬਣੀ, ਫਿਲਪੀਨਜ਼ ਤੋਂ ਆਈਆਰ-8 ਝੋਨੇ ਦੀ ਬੌਨੀ ਕਿਸਮ ਲਿਆਂਦੀ ਗਈ। ਪਹਿਲਾਂ ਇਥੇ ਆਦਮਕੱਦ ਕਣਕ ਹੁੰਦੀ ਸੀ। ਕਣਕ ਦੇ ਖੇਤ ‘ਚ ਵੜਨ ‘ਤੇ ਆਦਮੀ ਨਜ਼ਰ ਨਹੀਂ ਆਉਂਦਾ ਸੀ। ਇਹ ਕਣਕ ਗਿਰ ਜਾਂਦੀ ਸੀ ਜਿਸ ਕਾਰਨ ਪੈਦਾਵਾਰ ਘੱਟ ਹੁੰਦੀ ਸੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …