ਬਰੈਂਪਟਨ : ਬਰੈਂਪਟਨ ਵਿਚ ਮੰਗਲਵਾਰ ਦੇਰ ਰਾਤ ਹਾਈਵੇ 410 ਉਪਰ ਬੁਵੇਰਡ ਰੋਡ ਨੇੜੇ ਇਕ 29 ਸਾਲ ਦੇ ਵਿਅਕਤੀ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਉਹ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹ ਵਿਅਕਤੀ ਖ਼ੁਦ ਹੀ ਆਪਣੀ ਕਾਰ ਚਲਾ ਕੇ ਨੇੜੇ ਪੈਂਦੇ ਬਰੈਂਪਟਨ ਸਿਵਿਕ ਹਸਪਤਾਲ ਦੀ ਐਮਰਜੈਂਸੀ ਵਿੱਚ ਪਹੁੰਚ ਗਿਆ ਤੇ ਹੁਣ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਲਗਭਗ 15 ਗੋਲੀਆਂ ਇਸ ਕਾਰ ਉਪਰ ਮਾਰੀਆਂ ਗਈਆਂ, ਜਿਨ੍ਹਾਂ ਦੇ ਨਿਸ਼ਾਨ ਇਸ ਕਾਰ ਉਪਰ ਸਾਫ਼ ਨਜ਼ਰ ਆ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਮੰਗਲਵਾਰ ਰਾਤ ਨੂੰ ਇਸ ਵਾਰਦਾਤ ਵਾਲੀ ਥਾਂ ਤੋਂ 3-4 ਕਿਲੋਮੀਟਰ ਦੂਰ ਇਸੇ ਹਾਈਵੇ ਉਪਰ ਹੀ ਅੱਧੀ ਰਾਤ ਨੂੰ ਇਕ 23 ਸਾਲਾ ਕਾਰ ਸਵਾਰ ਨੌਜਵਾਨ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਅਜੇ ਤੱਕ ਇਨ੍ਹਾਂ ਦੋਹਾਂ ਘਟਨਾਵਾਂ ਦੇ ਆਪਸੀ ਸੰਬੰਧ ਹੋਣ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਦਿਨ ਵੇਲੇ ਗੋਲੀ ਚੱਲਣ ਦੀਆਂ ਵਾਪਰੀਆਂ ਦੋ ਹੋਰ ਘਟਨਾਵਾਂ ਕਾਰਨ ਪੀਲ ਪੁਲਿਸ ਫੋਰਸ ਕਾਫੀ ਚਿੰਤਤ ਹੈ। ਇਕ ਘਟਨਾ ਬਰੈਮਲੀ ਸਿਟੀ ਸੈਂਟਰ ਦੇ ਇਲਾਕੇ ਵਿੱਚ ਵਾਪਰੀ ਜਿੱਥੇ ਇਕ ਰੈਸਟੋਰੈਂਟ ਦੇ ਬਾਹਰ ਕਈ ਗੋਲੀਆਂ ਚਲਾਈਆਂ ਗਈਆਂ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਦੂਸਰੀ ਘਟਨਾ ‘ਸ਼ਾਪਰਸ ਵਰਲਡ’ ਦੇ ਇਲਾਕੇ ਵਿੱਚ ਇਕ ਫਾਰਮੇਸੀ ਦੇ ਬਾਹਰ ਵਾਪਰੀ ਜਿੱਥੇ ਕਾਲੇ ਰੰਗ ਦੇ ਇਕ ਨੌਜਵਾਨ ਨੇ ਕਈ ਗੋਲੀਆਂ ਚਲਾਈਆਂ ਅਤੇ ਉਹ ਵੀ ਮੌਕੇ ਤੋਂ ਫਰਾਰ ਹੋ ਗਿਆ। ਦਿਨੋ-ਦਿਨ ਇਸ ਤਰ੍ਹਾਂ ਸ਼ੂਟਿੰਗ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਣ ਬਰੈਂਪਟਨ ਦੇ ਵਸਨੀਕਾਂ ਵਿਚ ਚਿੰਤਾ ਮਾਹੌਲ ਬਣਿਆ ਹੋਇਆ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …