ਕਿਸਾਨ ਸੰਘਰਸ਼ ਦੇ ਹੱਕ ਵਿਚ ਰੈਲੀ ਤੇ ਕੈਂਡਲ ਮਾਰਚ 17 ਅਕਤੂਬਰ ਨੂੰ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਅਤੇ ਉਨਟਾਰੀਓ ਸਿਖ ਐਂਡ ਗੁਰਦਵਾਰਾ ਕੌਂਸਲ ਵਲੋਂ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੇ ਸਹਿਯੋਗ ਨਾਲ, ਕਿਸਾਨ ਸੰਘਰਸ਼ ਦੇ ਹੱਕ ਵਿਚ ਰੈਲੀ ਅਤੇ ਕੈਂਡਲ ਮਾਰਚ 17 ਅਕਤੂਬਰ 2021, ਦਿਨ ਐਤਵਾਰ ਨੂੰ ਸ਼ਾਮ ਦੇ ਸਾਢੇ ਚਾਰ ਵਜੇ ਬਰੈਂਪਟਨ ਦੇ ਸਿਟੀ ਹਾਲ ਜੋ ਕੁਈਨ ਅਤੇ ਮੇਨ ਸਟਰੀਟ ਦੇ ਚੌਕ ਨਾਲ ਹੈ, ਵਿਖੇ ਕੀਤਾ ਜਾ ਰਿਹਾ ਹੈ। ਇਹ ਭਾਰਤ ਵਿਚ ਬੀ ਜੇ ਪੀ ਲੀਡਰ ਵਲੋਂ ਲਖੀਮਪੁਰ ਖੇੜੀ ਵਿਚ ਸ਼ਾਂਤਮਈ ਅੰਦੋਲਨ ਕਰਕੇ ਵਾਪਸ ਆ ਰਹੇ ਕਿਸਾਨਾ ਨੂੰ ਅੱਤ ਦਰਿੰਦਗੀ ਨਾਲ ਆਪਣੀਆਂ ਜੀਪਾਂ ਥੱਲੇ ਦਰੜਣ ਅਤੇ ਹਰਿਆਣੇ ਵਿਚ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਅਤੇ ਤਸ਼ੱਦਦ ਖਿਲਾਫ਼ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਨੂੰ ਕਬੂਲਦਿਆਂ, ਇਨ੍ਹਾਂ ਘਿਰਣਤ ਕਾਰਵਾਈਆਂ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨ ਲਈ ਕੀਤਾ ਜਾ ਰਿਹਾ ਹੈ। ਸਭ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਭਾਰਤ ਦੀ ਸਰਕਾਰ ਵਲੋਂ ਨਵਉਦਾਰਵਾਦ ਦੇ ਕੋਝੇ ਅਸੂਲਾਂ ‘ਤੇ ਚਲਦਿਆਂ, ਖੇਤੀ ਨਾਲ ਸਬੰਧਿਤ ਬਣਾਏ ਇਹ ਤਿੰਨੋ ਕਾਲੇ ਕਾਨੂੰਨ ਛੋਟੇ ਤੇ ਮੱਧਵਰਗੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾ ਤੋਂ ਪੁੱਟ ਕੇ ਝੁਗੀਆਂ ਝੌਪੜੀਆਂ ਦੇ ਵਸਨੀਕ ਬਣਾਉਣ ਦਾ ਰਾਹ ਪੱਧਰਾ ਕਰਨ ਲਈ ਹਨ ਤਾਂ ਜੋ ਰਾਜ ਕਰ ਰਹੀ ਪਾਰਟੀ ਦੇ ਸਮਰੱਥਕ ਪੂੰਜੀਪਤੀ ਕਾਰਖਾਨੇਦਾਰਾਂ ਅਤੇ ਹੋਰ ਅਮੀਰਾਂ ਲਈ ਸਸਤੇ ਮਜ਼ਦੂਰ ਮੁਹੱਈਆ ਹੋ ਸਕਣ ਅਤੇ ਨਾਲ ਹੀ ਉਹ ਕਿਸਾਨਾਂ ਤੋਂ ਸਸਤੇ ਭਾਅ ਜਿਨਸਾਂ ਖਰੀਦ ਕੇ, ਭੰਡਾਰ ਕਰਕੇ ਆਮ ਲੋਕਾਂ ਨੂੰ ਫਿਰ ਅਪਣੀ ਮਨਮਰਜ਼ੀ ਦੇ ਮੁੱਲ ਵੇਚ, ਵੱਡੇ ਮੁਨਾਫੇ ਕਮਾ ਸਕਣ। ਇਹ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਹੇਠਲੇ ਵਰਗ ਦੀ ਜਿੰਦਗੀ ਵੀ ਨਰਕ ਬਣਾ ਦੇਣਗੇ। ਇਸੇ ਕਰਕੇ ਕਿਸਾਨਾਂ ਵਲੋਂ ਇਹ ਲੰਬਾ ਸੰਘਰਸ਼ ਲੜਿਆ ਜਾ ਰਿਹਾ ਹੈ, ਜਿਸ ਦੌਰਾਨ ਉਹ ਅਪਣੀਆਂ ਖੇਤੀ ਮੰਤਰੀ ਨਾਲ ਹੋਈਆਂ 11 ਮੀਟਿੰਗਾਂ ਵਿਚ ਇਨ੍ਹਾਂ ਕਾਨੂੰਨਾਂ ਦੀਆਂ ਸਾਰੀਆਂ ਧਾਰਾਵਾਂ ਦੇ ਕਿਸਾਨਾਂ ਅਤੇ ਆਮ ਲੋਕਾਂ ‘ਤੇ ਪੈ ਸਕਣ ਵਾਲੇ ਮਾੜੇ ਅਸਰਾਂ ਨੂੰ ਵਿਸਥਾਰ ਵਿਚ ਦੱਸ ਚੁੱਕੇ ਹਨ। ਪਰ ਕਿਸਾਨਾਂ ਅਤੇ ਆਮ ਲੋਕਾਂ ਦੇ ਵਿਚਾਰਾਂ ਨੂੰ ਨਕਾਰ ਕੇ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਜਿਉਂ ਦਾ ਤਿਉਂ ਰੱਖਣ ‘ਤੇ ਅੜੀ ਹੋਈ ਹੈ।
ਜਥੇਬੰਦੀਆਂ ਵਲੋਂ ਸਭ ਨੂੰ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਹਿੱਤ ਸਹਿਯੋਗ ਕਰਨ ਲਈ ਅਪੀਲ ਕੀਤੀ ਜਾਂਦੀ ਹੈ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਕੁਲਤਾਰ ਸਿੰਘ ਗਿੱਲ (416 676 8820) ਜਾਂ ਦਰਸ਼ਨ ਗਿੱਲ (647 990 5790) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …