ਪਰਮਜੀਤ ਗਿੱਲ ਨੇ ‘ਸਮਾਜ ਵਿਚ ਪਿਤਾ ਦੀ ਭੂਮਿਕਾ’ ਅਤੇ ਇਕਬਾਲ ਬਰਾੜ ਨੇ ਸ਼ਬਦਾਂ ਦੇ ਸ਼ੁੱਧ ਉਚਾਰਨ ਬਾਰੇ ਵਿਚਾਰ ਪੇਸ਼ ਕੀਤੇ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਜੂਨ ਮਹੀਨੇ ਦਾ ਸਮਾਗਮ ਸੰਸਾਰ-ਭਰ ਵਿਚ ਮਨਾਏ ਜਾਂਦੇ ‘ਪਿਤਾ-ਦਿਵਸ’ ਨੂੰ ਸਮਰਪਿਤ ਕੀਤਾ ਗਿਆ। ਇਸ ਵਿਚ ਸਭਾ ਦੇ ਸਰਗਰਮ ਮੈਂਬਰ ਐਡਵੋਕੇਟ ਪਰਮਜੀਤ ਸਿੰਘ ਗਿੱਲ ਨੇ ਸਮਾਜ ਵਿਚ ਪਿਤਾ ਵੱਲੋਂ ਪਰਿਵਾਰ ਵਿਚ ਨਿਭਾਈ ਜਾਂਦੀ ਮਹੱਤਵਪੂਰਨ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਬਰੈਂਪਟਨ ਦੇ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਕੁਝ ਲੋਕਾਂ ਵੱਲੋਂ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਦੇ ਗਲਤ ਉਚਾਰੇ ਜਾਣ ਦਾ ਅਹਿਮ ਮੁੱਦਾ ਉਠਾਇਆ ਗਿਆ ਅਤੇ ਉਨ੍ਹਾਂ ਨੇ ਇਨ੍ਹਾਂ ਦੇ ਸ਼ੁਧ ਉਚਾਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਪਿਤਾ-ਦਿਵਸ ਬਾਰੇ ਆਪਣੀ ਗੱਲ ਆਰੰਭ ਕਰਦਿਆਂ ਪਰਮਜੀਤ ਗਿੱਲ ਨੇ ਦੱਸਿਆ ਕਿ ਦੁਨੀਆਂ-ਭਰ ਦੇ ਦੇਸ਼ਾਂ ਵਿਚ ‘ਫ਼ਾਦਰਜ਼ ਡੇਅ’ ਜੂਨ ਮਹੀਨੇ ਵਿਚਲੇ ਵੱਖ-ਵੱਖ ਦਿਨਾਂ ਨੂੰ ਮਨਾਇਆ ਜਾਂਦਾ ਹੈ। ਬਹੁਤੇ ਦੇਸ਼ ਇਸ ਨੂੰ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਉਂਦੇ ਹਨ, ਜਦਕਿ ਕਈ ਦੇਸ਼ਾਂ ਵਿਚ ਇਸ ਨੂੰ ਇਕ ਹਫਤਾ ਅੱਗੇ-ਪਿੱਛੇ ਵੀ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼ਬਦ ”ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ” ਵਿਚ ਪਾਣੀ ਨੂੰ ‘ਪਿਤਾ’ ਅਤੇ ਧਰਤੀ ਨੂੰ ‘ਮਾਤਾ’ ਦਾ ਦਰਜਾ ਦਿੱਤਾ ਹੈ। ਜੀਵਨ ਵਿਚ ਜਿਵੇਂ ਧਰਤੀ ਤੇ ਪਾਣੀ ਦੋਹਾਂ ਦੀ ਜ਼ਰੂਰਤ ਹੈ, ਏਸੇ ਤਰ੍ਹਾਂ ਸਮਾਜ ਵਿਚ ਮਾਤਾ ਅਤੇ ਪਿਤਾ ਦੋਹਾਂ ਦੀ ਹੀ ਆਪਣੀ-ਆਪਣੀ ਅਹਿਮੀਅਤ ਹੈ। ਮਾਂ ਜੇਕਰ ਘਰ ਵਿਚ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ ਤਾਂ ਪਿਤਾ ਆਪਣੇ ਸਾਰੇ ਪਰਿਵਾਰ ਲਈ ਖਾਣ-ਪੀਣ ਦੀਆਂ ਵਸਤਾਂ ਅਤੇ ਘਰ ਦੀਆਂ ਹੋਰ ਲੋੜਾਂ ਦਾ ਯੋਗ ਪ੍ਰਬੰਧ ਕਰਦਾ ਹੈ। ਮਾਤਾ ਅਤੇ ਪਿਤਾ ਦੋਹਾਂ ਦਾ ਦਰਜਾ ਸਮਾਜ ਵਿਚ ਅਤੀ ਸਨਮਾਨਯੋਗ ਹੈ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਵਿਚ ਬੱਚੇ ਦੇ ਨਾਂ ਨਾਲ ਮਾਂ ਦਾ ਲਿਖਿਆ ਜਾਂਦਾ ਹੈ, ਜਦਕਿ ਪੂਰਬ ਵਿਚ ਪਿਤਾ ਦਾ ਨਾਂ ਚੱਲਦਾ ਹੈ। ਇਹ ਵੱਖਰੀ ਗੱਲ ਹੈ ਕਿ ਕੁਝ ਦੇਸ਼ਾਂ ਵਿਚ ਹੁਣ ਦੋਹਾਂ ਦਾ ਹੀ ਨਾਂ ਲਿਖਣਾ ਸ਼ੁਰੂ ਹੋ ਗਿਆ ਹੈ।
ਸਮਾਗਮ ਦੇ ਦੂਸਰੇ ਬੁਲਾਰੇ ਇਕਬਾਲ ਬਰਾੜ ਨੇ ਸ਼ਬਦ ਉਚਾਰਨ ਦੇ ਅਹਿਮ ਮੁੱਦੇ ਨੂੰ ਛੇੜਦਿਆਂ ਪੰਜਾਬੀ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਗਲਤ ਉਚਾਰੇ ਜਾਂਦੇ ਕਈ ਸ਼ਬਦਾਂ ਬਾਰੇ ਗੱਲ ਕੀਤੀ। ਉਨ੍ਹਾਂ ਵੱਲੋਂ ਪੈਰੀਂ ਬਿੰਦੀ ਪੈਣ ਵਾਲੇ ਅੱਖਰਾਂ ਸ਼,ਖ਼,ਗ਼,ਜ਼,ਫ਼ ਵਾਲੇ ਸ਼ਬਦਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਅੱਖਰਾਂ ਦੇ ਉਚਾਰਨ ਸਮੇਂ ਬਹੁਤ ਸਾਰੇ ਲੋਕ ਇਨ੍ਹਾਂ ਦੇ ਪੈਰ ਵਿਚ ਪਈ ਬਿੰਦੀ ਨੂੰ ਭੁੱਲ ਹੀ ਜਾਂਦੇ ਹਨ । ਉਦਾਹਰਣ ਵਜੋਂ, ‘ਸ਼ੁਕਰਗ਼ੁਜ਼ਾਰ’ ਨੂੰ ‘ਸੁਕਰਗੁਜਾਰ’, ‘ਨਜ਼ਰ’ ਨੂੰ ‘ਨਜਰ’, ‘ਜ਼ਖ਼ਮ’ ਨੂੰ ‘ਜਖਮ’, ‘ਜ਼ਿੰਦਗੀ’ ਨੂੰ ਜਿੰਦਗੀ’, ‘ਜਜ਼ਬਾਤ’ ਨੂੰ ‘ਜਜਬਾਤ’, ‘ਇਜਾਜ਼ਤ’ ਨੂੰ ‘ਇਜਾਜਤ’, ‘ਖ਼ਿਆਲ’ ਨੂੰ ‘ਖਿਆਲ’, ‘ਖ਼ਰਗੋਸ਼’ ਨੂੰ ‘ਖਰਗੋਸ’, ‘ਗ਼ੈਰ-ਹਾਜ਼ਰ’ ਨੂੰ ‘ਗੈਰ-ਹਾਜਰ’, ‘ਗ਼ਜ਼ਲ’ ਨੂੰ ‘ਗਜਲ’, ‘ਗ਼ੁਜ਼ਾਰਿਸ਼’ ਨੂੰ ‘ਗੁਜਾਰਿਸ’, ‘ਗ਼ਰੀਬਖ਼ਾਨਾ’ ਨੂੰ ‘ਗਰੀਬਖਾਨਾ’, ‘ਫ਼ਰਜ਼’ ਨੂੰ ‘ਫਰਜ’, ‘ਫ਼ਜ਼ੂਲ’ ਨੂੰ ‘ਫਜੂਲ’ ਉਚਾਰਿਆ ਜਾਂਦਾ ਹੈ। ਦੂਸਰੇ ਬੰਨੇ, ਕਈ ਇਨ੍ਹਾਂ ਮੂਲ-ਅੱਖਰਾਂ ਸ.ਖ,ਗ,ਜ,ਫ ਦੇ ਪੈਰੀਂ ਬਿੰਦੀਆਂ ਵਾਧੂ ਹੀ ਉਚਾਰੀ ਜਾਂਦੇ ਹਨ, ਜਿਵੇਂ ਪਾਕਿਸਤਾਨੀ ਪੰਜਾਬੀ-ਕਵੀ ‘ਬਾਬਾ ਨਜਮੀ’ ਨੂੰ ‘ਬਾਬਾ ਨਜ਼ਮੀ’, ‘ਗਾਜਰ’ ਨੂੰ ‘ਗਾਜ਼ਰ’, ‘ਗੁੰਜਾਇਸ਼’ ਨੂੰ ‘ਗੁੰਜ਼ਾਇਸ਼’, ‘ਰਿਵਾਜ’ ਨੂੰ ‘ਰਿਵਾਜ਼’, ‘ਨਿਜਾਤ’ ਨੂੰ ‘ਨਿਜ਼ਾਤ’, ਵਗ਼ੈਰਾ, ਵਗ਼ੈਰਾ।
ਏਸੇ ਤਰ੍ਹਾਂ ਕਈ ਸੱਜਣ ‘ਬ’ ਦੀ ਥਾਂ ‘ਵ’ ਅਤੇ ‘ਵ’ ਦੀ ਥਾਂ ‘ਬ’ ਦੀ ਵਰਤੋਂ ਕਰਦੇ ਹਨ। ਉਹ ‘ਬਾਰੇ’ ਨੂੰ ‘ਵਾਰੇ’ ਤੇ ‘ਵਾਰੇ’ ਨੂੰ ‘ਬਾਰੇ’ ਅਤੇ ‘ਵੀਰ’ ਨੂੰ ‘ਬੀਰ’ ਤੇ ‘ਬੀਰ’ ਨੂੰ ‘ਵੀਰ’ ਕਹਿੰਦੇ ਆਮ ਹੀ ਸੁਣੇ ਜਾਂਦੇ ਹਨ।
ਲੱਗਭੱਗ ਏਹੀ ਹਾਲ ਅੱਖਰ ‘ਸ’ ਤੇ ‘ਸ਼’ ਦੀ ਵਰਤੋਂ ਦਾ ਵੀ ਹੈ। ਇਹ ਨਿਰੀ ਕਹਿਣ-ਸੁਣਨ ਦੀ ਹੀ ਗੱਲ ਨਹੀਂ ਹੈ, ਸਗੋਂ ਕਈ ਥਾਂਈਂ ਲਿਖਤਾਂ ਵਿਚ ਵੀ ਇੰਜ ਹੀ ਵੇਖਣ ਨੂੰ ਮਿਲਦਾ ਹੈ। ਬਰਾੜ ਹੁਰਾਂ ਅਨੁਸਾਰ ਸ਼ਬਦਾਂ ਦੇ ਗਲਤ ਉਚਾਰਨ ਦੀਆਂ ਅਜਿਹੀਆਂ ਹੋਰ ਸੈਂਕੜੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਦੋਹਾਂ ਬੁਲਾਰਿਆਂ ਦੇ ਵਿਚਾਰਾਂ ਦੀ ਸਰਾਹਨਾ ਕਰਦਿਆਂ ਹੋਇਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਸਰਪ੍ਰਸਤ ਬਲਰਾਜ ਚੀਮਾ, ਕਹਾਣੀਕਾਰ ਕੁਲਵੰਤ ਗਰੇਵਾਲ ਅਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਦੋਹਾਂ ਹੀ ਵਿਸ਼ਿਆਂ ‘ਤੇ ਕੁਝ ਸਾਰਥਿਕ ਟਿੱਪਣੀਆਂ ਕੀਤੀਆਂ ਗਈਆਂ। ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਸੈਸ਼ਨ ਦੀ ਕਾਰਵਾਈ ਸੰਕੋਚਣ ਦੀ ਜ਼ਿੰਮੇਵਾਰੀ ਨਿਭਾਈ ਗਈ। ਸਮਾਗਮ ਦੇ ਇਸ ਭਾਗ ਦਾ ਸੰਚਾਲਨ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਕੀਤਾ ਗਿਆ।
ਪ੍ਰਧਾਨਗੀ-ਮੰਡਲ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਸਭਾ ਦੇ ਸੀਨੀਅਰ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਗਰੇਵਾਲ ਸੁਸ਼ੋਭਿਤ ਸਨ। ਸਮਾਗਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਦੀ ਕਮਾਨ ਪਰਮਜੀਤ ਢਿੱਲੋਂ ਵੱਲੋਂ ਸੰਭਾਲੀ ਗਈ ਜਿਨ੍ਹਾਂ ਨੇ ਆਪਣੇ ਖ਼ੂਬਸੂਰਤ ਅੰਦਾਜ਼ ਵਿਚ ਕਵੀਆਂ ਤੇ ਗਾਇਕਾਂ ਨੂੰ ਵਧੀਆ ਤਰਤੀਬ ਦੇ ਕੇ ਪੇਸ਼ ਕੀਤਾ। ਇਨ੍ਹਾਂ ਵਿਚ ਪ੍ਰਿੰ. ਗਿਆਨ ਸਿੰਘ ਘਈ, ਰੂਬੀ ਕੀਰਤਪੁਰੀ, ਸੁਖਮਨਪ੍ਰੀਤ, ਪੰਜਾਬ ਸਿੰਘ ਕਾਹਲੋਂ, ਪੁਰਸ਼ਿੰਦਰ, ਰਿੰਟੂ ਭਾਟੀਆ, ਮਕਸੂਦ ਚੌਧਰੀ, ਇਕਬਾਲ ਬਰਾੜ, ਹਰਜੀਤ ਭੰਵਰਾ, ਲਹਿੰਦੇ ਪੰਜਾਬ ਦੇ ਐਡਵੋਕੇਟ ਸਮੀਉਲਾ ਖ਼ਾਨ ਤੇ ਅਤਾ ਰਾਸ਼ਿਦ, ਸੁਰਜੀਤ ਕੌਰ, ਕੁਲਦੀਪ ਕੌਰ, ਕੁਲਵੰਤ ਗਿੱਲ, ਸੁਖਦੇਵ ਝੰਡ, ਤਲਵਿੰਦਰ ਮੰਡ, ਮਲੂਕ ਸਿੰਘ ਕਾਹਲੋਂ, ਪਰਮਜੀਤ ਗਿੱਲ, ਪਰਮਜੀਤ ਢਿੱਲੌ ਅਤੇ ਕਰਨ ਅਜਾਇਬ ਸੰਘਾ ਸ਼ਾਮਲ ਸਨ, ਜਦਕਿ ਸਰੋਤਿਆਂ ਵਿਚ ਹਰਜਸਪ੍ਰੀਤ ਗਿੱਲ, ਪਰਸ਼ੋਤਮ ਸਿੰਘ ਸ਼ਿਪਰਾ, ਪਾਕਿਸਤਾਨੀ ਮਹਿਮਾਨ ਮੁਹੱਈਓਦੀਨ ਆਮਿਰ ਅਤੇ ਕਈ ਹੋਰਨਾਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਵਧੀਆ ਕਵਿਤਾ ਦੇ ਮੁੱਖ ਗੁਣ ਸੰਖੇਪਤਾ, ਭਾਵ ਥੋੜ੍ਹੇ ਸ਼ਬਦਾਂ ਵਿਚ ਬਹੁਤਾ ਕੁਝ ਕਹਿਣ ਦੀ ਸਮਰੱਥਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸਾਰੇ ਬੁਲਾਰਿਆਂ, ਕਵੀਆਂ-ਕਵਿੱਤਰੀਆਂ ਤੇ ਗਾਇਕਾਂ ਦਾ ਧੰਨਵਾਦ ਕੀਤਾ ਗਿਆ।