-6.2 C
Toronto
Sunday, December 28, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ ਹਰ ਕਿਸਾਨ ਸਿਰ ਹੈ ਬੈਂਕਾਂ ਦਾ 3 ਲੱਖ ਤੋਂ ਵੱਧ...

ਪੰਜਾਬ ਦੇ ਹਰ ਕਿਸਾਨ ਸਿਰ ਹੈ ਬੈਂਕਾਂ ਦਾ 3 ਲੱਖ ਤੋਂ ਵੱਧ ਕਰਜ਼ਾ

ਪੰਜ ਸਾਲਾਂ ‘ਚ ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ‘ਚ ਹੋਇਆ 28,159 ਕਰੋੜਦਾ ਵਾਧਾ
ਬਠਿੰਡਾ : ਪੰਜਾਬ ਦੇ ਹਰ ਕਿਸਾਨ ਦੇ ਸਿਰ ਉੱਤੇ ਬੈਂਕ ਦਾ ਔਸਤਨ 3.10 ਲੱਖ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਸ਼ਾਹੂਕਾਰਾਂ ਦਾ ਵੱਡਾ ਕਰਜ਼ ਵੱਖਰਾ ਹੈ। ਨਾਬਾਰਡ ਦੇ ਤਾਜ਼ਾ ਵੇਰਵੇ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੀ ਤਰਾਸਦੀ ਪੇਸ਼ ਕਰਨ ਲਈ ਕਾਫੀ ਹਨ। ਲੰਘੇ ਪੰਜ ਵਰ੍ਹਿਆਂ ਵਿੱਚ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਬੈਂਕ ਕਰਜ਼ਿਆਂ ਵਿੱਚ 28,159 ਕਰੋੜ ਦਾ ਵਾਧਾ ਹੋਇਆ ਹੈ। 31 ਮਾਰਚ 2018 ਤੱਕ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਬੈਂਕ ਕਰਜ਼ੇ ਦੀ ਰਾਸ਼ੀ ਵਧ ਕੇ 86051 ਕਰੋੜ ਹੋ ਗਈ ਜੋ ਹਰ ਸਾਲ ਵਧਦੀ ਜਾ ਰਹੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਭਰ ਦੇ ਕਰੀਬ 27.76 ਲੱਖ ਕਿਸਾਨਾਂ ਦੇ ਸਿਰ 31 ਮਾਰਚ 2018 ਤੱਕ 86051 ਕਰੋੜ ਦਾ ਕਰਜ਼ਾ ਬਕਾਇਆ ਖੜ੍ਹਾ ਸੀ ਜਦੋਂਕਿ 31 ਮਾਰਚ 2014 ਨੂੰ ਬੈਂਕ ਕਰਜ਼ਿਆਂ ਦੀ ਇਹ ਰਾਸ਼ੀ 57,892 ਕਰੋੜ ਸੀ। ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਇਸ ਕਰਜ਼ਾ ਰਾਸ਼ੀ ਵਿੱਚ ਕੋਈ ਕਟੌਤੀ ਨਹੀਂ ਹੋਈ, ਸਗੋਂ ਵਾਧਾ ਜ਼ਰੂਰ ਹੋਇਆ ਹੈ। ਸਰਕਾਰੀ ਤੱਥਾਂ ਅਨੁਸਾਰ 31 ਮਾਰਚ 2015 ਨੂੰ ਪੰਜਾਬ ਦੇ ਕਿਸਾਨਾਂ ਦੇ ਸਿਰ 69,449 ਕਰੋੜ ਦੇ ਬੈਂਕ ਕਰਜ਼ਾ ਸੀ ਜੋ ਅਗਲੇ ਵਰ੍ਹੇ ਵੱਧ ਕੇ 79,881 ਕਰੋੜ ਹੋ ਗਿਆ। 31 ਮਾਰਚ 2017 ਨੂੰ ਇਹੋ ਬੈਂਕ ਕਰਜ਼ਾ ਵੱਧ ਕੇ 83,769 ਕਰੋੜ ਰੁਪਏ ਹੋ ਗਿਆ। ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਭਾਰ ਹਲਕਾ ਕਰਨ ਵਿੱਚ ਅਸਫ਼ਲ ਰਹੀ। ਪੂਰੇ ਮੁਲਕ ਦੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਪੰਜ ਵਰ੍ਹਿਆਂ ਦੌਰਾਨ ਦੇਸ਼ ਦੇ ਕਿਸਾਨਾਂ ਸਿਰ ਚੜ੍ਹੇ ਬੈਂਕ ਕਰਜ਼ੇ ਦੀ ਰਾਸ਼ੀ ਵਿੱਚ 472628 ਕਰੋੜ ਦਾ ਵਾਧਾ ਹੋਇਆ ਹੈ। ਇਸ ਵਿੱਚੋਂ 70 ਫ਼ੀਸਦੀ ਕਰਜ਼ਾ ਵਪਾਰਕ ਬੈਂਕਾਂ ਦਾ ਹੈ। ਹਰ ਵਰ੍ਹੇ ਕਿਸਾਨਾਂ ਨੂੰ ਵੱਡੀ ਰਕਮ ਵਿਆਜ ਵਜੋਂ ਤਾਰਨੀ ਪੈਂਦੀ ਹੈ।
ਕੈਪਟਨ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ‘ਤੇ ਅਮਲ ਕਰਨਾ ਸ਼ੁਰੂ ਕੀਤਾ ਹੈ ਜਿਸ ਤਹਿਤ 3.18 ਲੱਖ ਕਿਸਾਨਾਂ ਦਾ 1815 ਕਰੋੜ ਰੁਪਏ ਦਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਆਖ਼ਰੀ ਸਮਾਗਮ ਪਟਿਆਲਾ ਵਿੱਚ ਹੋਇਆ ਜਿੱਥੇ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦਾ ਐਲਾਨ ਹੋਇਆ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਕੀਤੇ ਚੋਣ ਵਾਅਦੇ ਮੁਤਾਬਕ ਸਮੁੱਚਾ ਕਰਜ਼ਾ ਮੁਆਫ਼ ਕਰੇ ਜਦੋਂਕਿ ਸਰਕਾਰ ਆਖਦੀ ਹੈ ਕਿ ਅਗਲੇ ਪੜਾਅ ਵਿੱਚ 2.15 ਲੱਖ ਹੋਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦਾ ਕਹਿਣਾ ਹੈ ਕਿ ਹਰ ਸਰਕਾਰ ਨੂੰ ਚੋਣਾਂ ਵਾਲੇ ਸਾਲ ਕਿਸਾਨ ਦਾ ਚੇਤਾ ਆਉਂਦਾ ਹੈ। ਸਰਕਾਰਾਂ ਸੁਹਿਰਦ ਹਨ ਤਾਂ ਸਮੁੱਚੇ ਕਰਜ਼ੇ ਉੱਤੇ ਲੀਕ ਫੇਰੀ ਜਾਵੇ, ਖੇਤੀ ਨੂੰ ਲੀਹ ਉੱਤੇ ਪਾਉਣ ਲਈ ਵਸੀਲੇ ਜੁਟਾਏ ਜਾਣ ਅਤੇ ਵੱਖਰਾ ਖੇਤੀ ਬਜਟ ਰੱਖਿਆ ਜਾਵੇ। ਉਨ੍ਹਾਂ ਆਖਿਆ ਕਿ ਹੁਣ ਕੇਂਦਰ ਸਰਕਾਰ ਦੀ ਜਾਗ ਖੁੱਲ੍ਹੀ ਹੈ ਜਦੋਂ ਕਿ ਦੇਸ਼ ਵਿੱਚ ਕਿਸਾਨ ਮਰ ਰਿਹਾ ਹੈ।

RELATED ARTICLES
POPULAR POSTS