Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਚ ਦੋਰਾਹਾ ਨੇੜੇ ਨਵੀਂ ਤਕਨੀਕ ਨਾਲ ਬਣਿਆ ਪਹਿਲਾ ਮੰਦਿਰ

ਪੰਜਾਬ ਵਿਚ ਦੋਰਾਹਾ ਨੇੜੇ ਨਵੀਂ ਤਕਨੀਕ ਨਾਲ ਬਣਿਆ ਪਹਿਲਾ ਮੰਦਿਰ

ਨਾ ਸਰੀਆ ਲੱਗਾ, ਨਾ ਲੈਂਟਰ-75 ਫੁੱਟ ਉਚਾ ਮੰਦਿਰ ਤਿਆਰ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਮੰਦਿਰ ਮਣੀਲਕਸ਼ਮੀ ਤੀਰਥ ਦੋਰਾਹਾ (ਲੁਧਿਆਣਾ) ਨੇੜੇ ਬਣ ਕੇ ਤਿਆਰ ਹੋ ਗਿਆ ਹੈ। ਨਵੀਂ ਤਕਨੀਕ ਨਾਲ ਬਣ ਰਹੇ 75 ਫੁੱਟ ਉਚੇ ਇਸ ਮੰਦਿਰ ਵਿਚ ਕਿਤੇ ਵੀ ਨਾ ਸਰੀਏ ਦੀ ਵਰਤੋਂ ਕੀਤੀ ਗਈ ਹੈ ਅਤੇ ਨਾ ਹੀ ਲੈਂਟਰ ਪਾਇਆ ਗਿਆ ਹੈ। ਵਾੲ੍ਹੀਟ ਸੀਮੈਂਟ ਵੀ ਨਾਮਾਤਰ ਵਰਤਿਆ ਗਿਆ ਹੈ। ਰਾਜਸਥਾਨ ਤੋਂ ਲਿਆਂਦੇ ਗਏ ਸੰਗਮਰਮਰ ਦੇ ਪੱਧਰਾਂ ਨਾਲ ਦੋ ਏਕੜ ਵਿਚ ਬਣ ਰਹੇ ਇਸ ਮੰਦਿਰ ਵਿਚ ਲੱਗਣ ਵਾਲੀਆਂ ਮੂਰਤੀਆਂ ਬਾਹਰ ਤੋਂ ਨਹੀਂ ਲਿਆਂਦੀਆਂ ਗਈਆਂ, ਬਲਕਿ ਸ਼ਿੱਲਾਂ ਨੂੰ ਤਰਾਸ਼ ਕੇ ਤਿਆਰ ਕੀਤੀਆਂ ਜਾ ਰਹੀਆਂ ਹਨ। ਓੜੀਸਾ ਦੇ ਕਾਰੀਗਰ ਨੱਕਾਸ਼ੀ ਅਤੇ ਰਾਜਸਥਾਨ ਦੇ ਕਾਰੀਗਰ ਕਟਾਈ ਕਰ ਰਹੇ ਹਨ। 18 ਜਨਵਰੀ 2022 ਤੋਂ ਨਿਰਮਾਣ ਕਾਰਜ ਜਾਰੀ ਹੈ। ਫਰਵਰੀ 2023 ਦੇ ਅਖੀਰ ਤੱਕ ਇਹ ਕਾਰਜ ਪੂਰਾ ਹੋ ਜਾਵੇਗਾ ਅਤੇ 5 ਜੂਨ ਨੂੰ ਸ਼ੁਭਆਰੰਭ ਕੀਤਾ ਜਾਏਗਾ। ਅਯੁੱਧਿਆ ਵਿਚ ਰਾਮ ਮੰਦਿਰ ਦਾ ਨਿਰਮਾਣ ਕਾਰਜ ਕਰਵਾਉਣ ਵਾਲੇ ਗੁਜਰਾਤ ਦੇ ਸ਼ਿਲਪਕਾਰ ਸੋਮਪੁਰਾ ਪਰਿਵਾਰ ਨਾਲ ਸਬੰਧਤ ਚੰਦਰਕਾਂਤ ਸੋਮਪੁਰਾ ਨੇ ਇੱਥੇ ਵੀ ਉਹੀ ਤਕਨੀਕ ਅਪਣਾਈ ਹੈ। ਸ੍ਰੀ ਆਤਮਾ ਵੱਲਭ ਟਰੱਸਟ ਦੇ ਚੇਅਰਮੈਨ ਜਵਾਹਰ ਓਸਵਾਲ, ਪ੍ਰਧਾਨ ਸੁਰੇਂਦਰ ਮੋਹਨ ਜੈਨ ਦੀ ਦੇਖ ਰੇਖ ਵਿਚ ਇਹ ਨਿਰਮਾਣ ਕਾਰਜ ਚੱਲ ਰਿਹਾ ਹੈ।
ਮੂਰਤੀਆਂ ਬਾਹਰ ਤੋਂ ਨਹੀਂ ਆਉਣਗੀਆਂ, ਤਰਾਸ਼ ਕੇ ਬਣਾਈਆਂ ਜਾਣਗੀਆਂ ਬਿਨਾ ਕਿਸੇ ਸਪੋਰਟ ਦੇ ਹੀ ਬਣਾਏ ਜਾ ਰਹੇ ਹਨ ਮੰਦਿਰ ਦੇ ਪਿੱਲਰ
ਮੰਦਿਰ ਦਾ ਨਿਰਮਾਣ ਸ਼ਾਹ ਮਣੀਲਾਲ ਲਕਸ਼ਮੀਚੰਦ ਰੀਲੀਜੀਅਸ ਟਰੱਸਟ ਕਰਵਾ ਰਹੇ ਹਨ। ਵੱਡੀਆਂ-ਵੱਡੀਆਂ ਸਿੱਲਾਂ ਨਾਲ ਮੰਦਿਰ ਦੇ ਪਿੱਲਰ ਬਿਨਾ ਕਿਸੇ ਸਪੋਰਟ ਦੇ ਬਣਾਏ ਗਏ ਹਨ। ਇਕ ਪਿੱਲਰ ਵਿਚ 4 ਤੋਂ 5 ਸਿੱਲਾਂ ਲੱਗੀਆਂ ਹਨ। ਇਨ੍ਹਾਂ ਸਿੱਲਾਂ ਨੂੰ ਵਿਸ਼ੇਸ਼ ਤਰੀਕੇ ਨਾਲ ਫਿੱਟ ਕੀਤਾ ਗਿਆ ਹੈ। ਪੱਥਰਾਂ ਦੇ ਉਪਰਲੇ ਹਿੱਸੇ ਵਿਚ ਕੁਝ ਛੇਕ ਕੀਤੇ ਗਏ ਹਨ। ਦੂਜੀ ਸ਼ਿੱਲ ਵਿਚ ਪਾਈਪਨੁਮਾ ਉਭਾਰ ਹੈ। ਇਨ੍ਹਾਂ ਨੂੰ ਇਕ ਦੂਜੇ ‘ਤੇ ਰੱਖ ਕੇ ਲੌਕ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਫਿਕਸ ਹੋ ਗਏ। ਪਿੱਲਰਾਂ ਦੇ ਜੌਇੰਟ ਵਿਚ ਤਾਂਬੇ ਦੇ ਕੰਪਲਿੰਗ ਲਗਾਏ ਗਏ ਹਨ। ਮੰਦਿਰ ਨਿਰਮਾਣ ਵਿਚ ਕਿਤੇ ਵੀ ਲੈਂਟਰ ਨਹੀਂ ਪਾਇਆ ਗਿਆ। ਇਸ ਵਿਚ ਨਾਮਾਤਰ ਹੀ ਸਿਰਫ ਵਾੲ੍ਹੀਟ ਸੀਮੈਂਟ ਦਾ ਇਸਤੇਮਾਲ ਹੋਇਆ ਹੈ।
ਮੰਦਿਰ ਅਤੇ ਪਿੱਲਰ ਦੀਆਂ ਸਿੱਲਾਂ ‘ਤੇ ਆਈਕੋਨੋਗ੍ਰਾਫੀ ਦਾ ਕੰਮ ਚੱਲ ਰਿਹਾ
ਮੰਦਿਰ ਅਤੇ ਪਿੱਲਰ (ਖੰਭੇ) ਦੀਆਂ ਸਿੱਲਾਂ ‘ਤੇ ਹੁਣ ਵੀ ਆਈਕੋਨੋਗ੍ਰਾਫੀ ਦਾ ਕੰਮ ਚੱਲ ਰਿਹਾ ਹੈ। ਪੱਥਰਾਂ ‘ਤੇ ਮੂਰਤੀ ਉਕੇਰਨ ਦਾ ਕੰਮ ਆਈਕੋਨੋਗ੍ਰਾਫੀ ਕਹਾਉਂਦਾ ਹੈ। ਇਕ ਸਿੱਲ ਦੇ ਇਕ ਸਾਈਡ ਵਿਚ 3-4 ਜਗ੍ਹਾ ਮੂਰਤੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਸਿੱਲਾਂ ‘ਤੇ ਉੜੀਸਾ ਦੇ ਕਾਰੀਗਰ ਜਬਰਦਸਤ ਨੱਕਾਸ਼ੀ ਕਰ ਰਹੇ ਹਨ। ਫਿਲਹਾਲ, ਦੀਵਾਰਾਂ ਅਤੇ ਖੰਭਿਆਂ ‘ਤੇ ਮੂਰਤੀਆਂ ਤਰਾਸ਼ਣ ਦਾ ਕੰਮ ਵੀ ਚੱਲ ਰਿਹਾ ਹੈ।
42 ਕਮਰਿਆਂ ਦੀ ਧਰਮਸ਼ਾਲਾ ਅਤੇ ਆਧੁਨਿਕ ਲੰਗਰ ਘਰ ਵੀ ਬਣੇਗਾ
ਇਕ ਸਾਲ ਤੋਂ 200 ਦੇ ਕਰੀਬ ਰਾਜਸਥਾਨ ਤੇ ਉੜੀਸਾ ਦੇ ਇੰਜੀਨੀਅਰਾਂ, ਮਜ਼ਦੂਰਾਂ ਦੀ ਟੀਮ ਮੰਦਿਰ ਨਿਰਮਾਣ ਵਿਚ ਜੁਟੀ ਹੋਈ ਹੈ। ਇਸ ਤੀਰਥ ਵਿਚ ਆਤਮ ਵੱਲਭ ਜੈਨ ਪਾਸ਼ਵਰਨਾਥ ਮੰਦਿਰ, ਮਾਤਾ ਪਾਰਵਤੀ ਮੰਦਿਰ, 42 ਕਮਰਿਆਂ ਦੀ ਧਰਮਸ਼ਾਲਾ, ਇਕ ਆਧੁਨਿਕ ਲੰਗਰ ਘਰ ਅਤੇ ਪਾਰਕਿੰਗ ਦਾ ਨਿਰਮਾਣ ਹੋ ਰਿਹਾ ਹੈ। ਤੀਰਥ ਬਣਾਉਣ ਵਿਚ ਸ੍ਰੀ ਆਤਮ ਵੱਲਭ ਸਰਵਮੰਗਲ ਟਰੱਸਟ ਦਾ ਵੀ ਸਹਿਯੋਗ ਹੈ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …