Breaking News
Home / ਹਫ਼ਤਾਵਾਰੀ ਫੇਰੀ / ਦਿੱਲੀ ਨਗਰ ਨਿਗਮ ਚੋਣਾਂ : ਦੋ ਸਾਲਾਂ ‘ਚ ਹੀ ਢੇਰ ਹੋਈ ਆਮ ਆਦਮੀ ਪਾਰਟੀ

ਦਿੱਲੀ ਨਗਰ ਨਿਗਮ ਚੋਣਾਂ : ਦੋ ਸਾਲਾਂ ‘ਚ ਹੀ ਢੇਰ ਹੋਈ ਆਮ ਆਦਮੀ ਪਾਰਟੀ

182 ਸੀਟਾਂ ਜਿੱਤ ਕੇ ਭਾਜਪਾ ਨੇ ਮਾਰੀ ਹੈਟ੍ਰਿਕ, ਕਾਂਗਰਸ ਤੀਜੇ ਨੰਬਰ ‘ਤੇ ਖਿਸਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ 270 ਸੀਟਾਂ ਵਿਚੋਂ 182 ਸੀਟਾਂ ਜਿੱਤ ਲਈਆਂ ਹਨ। ਜਿਨ੍ਹਾਂ ਵਿਚ ਚਾਰ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਵੀ ਜੇਤੂ ਹਨ। ਜਦੋਂ ਕਿ ਆਮ ਆਦਮੀ ਪਾਰਟੀ 48 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਇਸ ਤੋਂ ਵੀ ਪਤਲੀ ਹਾਲਤ ਕਾਂਗਰਸ ਦੀ ਹੋਈ ਹੈ, ਜੋ ਬੜੀ ਮੁਸ਼ਕਲ ਨਾਲ 29 ਸੀਟਾਂ ਹੀ ਜਿੱਤ ਸਕੀ। ਜਿੱਥੇ ਭਾਜਪਾ ਨੇ ਲਗਾਤਾਰ ਤੀਜੀ ਵਾਰ ਦਿੱਲੀ ਨਗਰ ਨਿਗਮ ‘ਤੇ ਜਿੱਤ ਹਾਸਲ ਕਰਦਿਆਂ ਹੈਟ੍ਰਿਕ ਮਾਰੀ ਹੈ, ਉਥੇ ਹੀ ਆਮ ਆਦਮੀ ਪਾਰਟੀ ਦੋ ਸਾਲਾਂ ਵਿਚ ਹੀ ਦਿੱਲੀ ‘ਚ ਢੇਰ ਹੋ ਗਈ। ਸਾਲ 2015 ਵਿਚ 70 ਵਿਧਾਨ ਸਭਾ ਸੀਟਾਂ ਵਿਚੋਂ 67 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਵਿਚ 270 ਵਿਚੋਂ 50 ਸੀਟਾਂ ਵੀ ਜਿੱਤ ਨਹੀਂ ਸਕੀ। ਜਦੋਂ ਕਿ 44 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਹਨ। ਦਿੱਲੀ ਨੌਰਥ, ਦਿੱਲੀ ਸਾਊਥ ਅਤੇ ਦਿੱਲੀ ਈਸਟ ਤਿੰਨਾਂ ਥਾਵਾਂ ‘ਤੇ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ। ਕਾਂਗਰਸ ਨੇ ਲੋਕ ਫਤਵੇ ਨੂੰ ਸਵੀਕਾਰ ਕਰਦਿਆਂ ਉਹਨਾਂ ਦੇ ਦਿੱਲੀ ਵਿਚ ਪ੍ਰਧਾਨ ਅਜੇ ਮਾਕਨ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਪਰ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਸਮੇਤ ਉਹਨਾਂ ਦੀ ਲੀਡਰਸ਼ਿਪ ਨੇ ਇਸ ਹਾਰ ਲਈ ਈਵੀਐਮ ਮਸ਼ੀਨਾਂ ਨੂੰ ਇਕ ਵਾਰ ਫਿਰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕੇਜਰੀਵਾਲ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਫਿਲਹਾਲ ਦਿੱਲੀ ਵਿਚ ਭਾਜਪਾ ਦੀ ਹੂੰਝਾਫੇਰ ਜਿੱਤ ਨੂੰ ਵੀ ਮੋਦੀ ਲਹਿਰ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ।
ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਆਗੂਆਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਐਮਸੀਡੀ ਨਾਲ ਮਿਲ ਕੇ ਦਿੱਲੀ ਦੀ ਜਨਤਾ ਦੀ ਭਲਾਈ ਲਈ ਕੰਮ ਕਰੇਗੀ। ਦਿੱਲੀ ਪ੍ਰਦੇਸ਼ ਦੇ ‘ਆਪ’ ਕਨਵੀਨਰ ਦਲੀਪ ਪਾਂਡੇ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਆਪ’ ਨੇ ਸ਼ੁਰੂ ਵਿਚ ਹਾਰ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿਚ ਗੜਬੜੀ ਦਾ ਤੋੜਾ ਝਾੜਿਆ ਸੀ ਪਰ ਕੇਜਰੀਵਾਲ ਨੇ ਆਪਣੇ ਬਿਆਨ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲੋਕਾਂ ਵੱਲੋਂ ਪਾਰਟੀ ਪ੍ਰਤੀ ਜਤਾਏ ਭਰੋਸੇ ਲਈ ਟਵੀਟ ਰਾਹੀਂ ਧੰਨਵਾਦ ਕੀਤਾ। ਉਨ੍ਹਾਂ ਜਿੱਤ ਯਕੀਨੀ ਬਣਾਉਣ ਲਈ ਭਾਜਪਾ ਵਰਕਰਾਂ ਦੀ ਵੀ ਸ਼ਲਾਘਾ ਕੀਤੀ। ਵਿਰੋਧੀ ਧਿਰ ਨੇ ਚੋਣਾਂ ਨੂੰ ਕੇਜਰੀਵਾਲ ਸਰਕਾਰ ਖਿਲਾਫ਼ ਫਤਵਾ ਕਰਾਰ ਦਿੰਦਿਆਂ ਮੁੱਖ ਮੰਤਰੀ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ। ਭਾਜਪਾ ਲਈ ਨਗਰ ਨਿਗਮ ਚੋਣਾਂ ਵਿਚ ਇਹ ਵੱਡੀ ਜਿੱਤ ਬਹੁਤ ਅਹਿਮ ਹੈ ਕਿਉਂਕਿ ਦੋ ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਹੱਥੋਂ ਭਾਜਪਾ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ‘ਆਪ’ ਲਈ ਇਹ ਹਾਰ ਵੱਡਾ ਝਟਕਾ ਹੈ ਕਿਉਂਕਿ ਪੰਜਾਬ ਅਤੇ ਗੋਆ ਵਿਧਾਨ ਸਭਾ ਵਿਚ ਉਨ੍ਹਾਂ ਨੂੰ ਹਾਰ ਮਿਲੀ ਸੀ ਅਤੇ ਫਿਰ ਰਾਜੌਰੀ ਗਾਰਡਨ ਜ਼ਿਮਨੀ ਚੋਣ ਵੀ ਪਾਰਟੀ ਹਾਰ ਗਈ ਸੀ।
‘ਆਪ’ ਸੱਤਾ ਦੀ ਭੁੱਖੀ: ਅੰਨਾ ਹਜ਼ਾਰੇ
ਮੁੰਬਈ: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਆਮ ਆਦਮੀ ਪਾਰਟੀ ਨੂੰ ‘ਸੱਤਾ ਦੀ ਭੁੱਖੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੀ ਸਾਖ਼ ਗੁਆ ਚੁੱਕੀ ਹੈ, ਜਿਸ ਕਾਰਨ ਇਸ ਦੀ ਦਿੱਲੀ ਨਿਗਮ ਚੋਣਾਂ ਵਿੱਚ ਭਾਰੀ ਹਾਰ ਹੋਈ ਹੈ। ઠઠ
ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਵੱਲੋਂ ਅਸਤੀਫ਼ਾ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਦੀ ਦੁਰਗਤ ਹੋਣ ਮਗਰੋਂ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੰਦਿਆਂ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਨੇ ਉਨ੍ਹਾਂ ਨੂੰ ਸਾਰੀ ਜ਼ਿੰਮੇਵਾਰੀ ਤੇ ਖੁੱਲ੍ਹ ਦਿੱਤੀ ਸੀ ਤੇ ਉਨ੍ਹਾਂ ਪੂਰੀ ਕੋਸ਼ਿਸ਼ ਵੀ ਕੀਤੀ। ਹੁਣ ਉਹ ਕਾਂਗਰਸ ਲਈ ਇੱਕ ਆਮ ਵਰਕਰ ਵਾਂਗ ਕੰਮ ਕਰਨਾ ਚਾਹੁੰਦੇ ਹਨ। ઠਚੋਣ ਨਤੀਜਿਆਂ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਲਈ ਨਤੀਜੇ ਉਮੀਦ ਮੁਤਾਬਕ ਨਹੀਂ ਆਏ, ਪਰ ਵੋਟ ਬੈਂਕ ਵਿੱਚ 9 ਫ਼ੀਸਦੀ ਵਾਧਾ ਪਾਰਟੀ ਲਈ ਚੰਗਾ ਸੰਕੇਤ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਚੋਣ ਕਮਿਸ਼ਨ ਨੂੰ ਈਵੀਐਮਜ਼ ਦੀ ਗੜਬੜੀ ਬਾਰੇ ਸ਼ੰਕੇ ਦੂਰ ਕਰਨੇ ਚਾਹੀਦੇ ਹਨ।
ਮੁੱਖ ਮੰਤਰੀ ਬਣਨ ਦੀ ਲਾਲਸਾ ਵਸ ਮਨਪ੍ਰੀਤ, ਸਿੱਧੂ ਤੇ ਪਰਗਟ ਦੀ ਰੋਕੀ ਆਮਦ : ਫੂਲਕਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀਆਂ ਲਗਾਤਾਰ ਹਾਰਾਂ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਨੇ ਖੁਦ ਪਾਰਟੀ ਦੇ ਗੁੱਝੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਪਾਰਟੀ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਪਰਗਟ ਸਿੰਘ, ਜਗਮੀਤ ਬਰਾੜ ਸਣੇ ਕੁਝ ਵੱਡੇ ਕਾਂਗਰਸੀ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਬੜੇ ਯਤਨ ਕੀਤੇ ਸਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੁਝ ਆਗੂਆਂ ਨੇ ਆਪਣੀਆਂ ਮੁੱਖ ਮੰਤਰੀ ਦੀਆਂ ਉਮੀਦਵਾਰੀਆਂ ਤੇ ਹੋਰ ਚੌਧਰਾਂ ਲਈ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ ਪੂਰੀ ਤਰ੍ਹਾਂ ਤਿਆਰ ਪੰਜਾਬ ਦੇ ਕਈ ਪ੍ਰਮੁੱਖ ਨੇਤਾਵਾਂ ਲਈ ‘ਆਪ’ ਦੇ ਬੂਹੇ ਬੰਦ ਕਰਵਾ ਦਿੱਤੇ। ਦੱਸਣਯੋਗ ਹੈ ਕਿ ਉਨ੍ਹਾਂ ਭਾਵੇਂ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲ ਸੀ, ਜੋ ਪਾਰਟੀ ਵੱਲੋਂ ਮੁੱਖ ਮੰਤਰੀ ਵਜੋਂ ਉਮੀਦਵਾਰੀ ਦੇ ਮੁੱਖ ਦਾਅਵੇਦਾਰ ਸਨ। ਫੂਲਕਾ ਨੇ ਕਿਹਾ ਕਿ ਕੁਝ ਆਗੂ ‘ਆਪ’ ਵਿਚ ਸ਼ਮੂਲੀਅਤ ਦੇ ਯਤਨ ਫੇਲ੍ਹ ਹੋਣ ਤੋਂ ਬਾਅਦ ਹੀ ਕਾਂਗਰਸ ਵਿਚ ਸ਼ਾਮਲ ਹੋਏ। ਫੂਲਕਾ ਨੇ ਕਿਹਾ ਕਿ ਉਨ੍ਹਾਂ ਕਦੇ ਦੁਰਗੇਸ਼ ਪਾਠਕ ਜਾਂ ਸੰਜੇ ਸਿੰਘ ਦੀ ਅਗਵਾਈ ਨਹੀਂ ਲਈ, ਸਗੋਂ ਹਮੇਸ਼ਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੁਤਾਬਕ ਹੀ ਚੱਲੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਇਹੋ ਕਾਰਨ ਸੀ ਕਿ ਇਕ ਵਾਰ ਪਾਰਟੀ ਦੇ ਪੰਜਾਬ ਵਿਚ ਲੱਗੇ ਪੋਸਟਰਾਂ ਵਿਚੋਂ ਉਨ੍ਹਾਂ ਦੀਆਂ ਤਸਵੀਰਾਂ ਤੱਕ ਹਟਾ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਵੱਡੇ ਫੈਸਲੇ ਲੈਣ ਵੇਲੇ ਦੂਰ ਹੀ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਬਾਰੇ ਜੋ ਅੱਜ ਸੰਸਦ ਮੈਂਬਰ ਭਗਵੰਤ ਮਾਨ ਆਖ ਰਹੇ ਹਨ, ਉਹ ਇਹ ਸਭ ਕੁਝ 2015 ਤੋਂ ਕਹਿੰਦੇ ਆਏ ਹਨ, ਜਦੋਂ ਅਜਿਹਾ ਕਹਿਣ ਦੀ ਲੋੜ ਸੀ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਟਿਕਟਾਂ ਵੰਡਣ ਵਾਲੀ ਕਿਸੇ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਨਾ ਉਹ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਮੈਂਬਰ ਹਨ। ਇਸੇ ਕਾਰਨ ਇਕ ਵਾਰ ਉਨ੍ਹਾਂ ਰੋਸ ਵਜੋਂ ਅਹੁਦੇ ਵੀ ਛੱਡ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਮਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਟਿਕਟਾਂ ਵੰਡਣ ਵੇਲੇ ਪੁੱਛਿਆ ਨਹੀਂ ਗਿਆ ਜਦਕਿ ਉਹ ਟਿਕਟਾਂ ਵੰਡਣ ਵਾਲੀਆਂ ਪੰਜਾਬ ਦੀਆਂ ਦੋ ਅਹਿਮ ਕਮੇਟੀਆਂ ਸਮੇਤ ਪੀਏਸੀ ਦੇ ਵੀ ਮੈਂਬਰ ਹਨ। ਜੇ ਉਨ੍ਹਾਂ ਨੂੰ ਪੁੱਛਿਆ ਨਹੀਂ ਗਿਆ ਤਾਂ ਉਨ੍ਹਾਂ ਉਦੋਂ ਹੀ ਬੋਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਇਸ ਸਾਰੀ ਪ੍ਰਕਿਰਿਆ ਤੋਂ ਬਾਹਰ ਸਨ, ਪਰ ਮਾਨ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਸ਼ਾਮਲ ਹੋਣ ਕਾਰਨ ਜ਼ਿਆਦਾ ਜਾਣਦੇ ਹੋਣਗੇ ਕਿ ਟਿਕਟਾਂ ਵੰਡਣ ਵੇਲੇ ਅੰਦਰਖਾਤੇ ਕੀ-ਕੁਝ ਚੱਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਦਾ ਇਹ ਕਥਨ ਠੀਕ ਹੈ ਕਿ ਪਾਰਟੀ ਦੀ ਹਾਰ ਦਾ ਇਕ ਕਾਰਨ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨਣਾ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਸਪੱਸ਼ਟ ਹਨ ਕਿ ਹਾਈਕਮਾਂਡ ਦੇ ਲੀਡਰਾਂ ਨੂੰ ਪੰਜਾਬ ਵਿਚ ਅਬਜ਼ਰਵਰਾਂ ਦੀ ਭੂਮਿਕਾ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਉਹ ਕੇਜਰੀਵਾਲ ਦੀ ਸੇਧ ਅਨੁਸਾਰ ਕੰਮ ਕਰ ਰਹੇ ਹਨ ਅਤੇ 1 ਮਈ ਨੂੰ ਸਮੂਹ ਵਿਧਾਇਕਾਂ ਨਾਲ ਪੰਜਾਬ ਯਾਤਰਾ ਕਰਕੇ ਲੋਕਾਂ ਕੋਲੋਂ ਮੁੱਦਿਆਂ ਦੀ ਜਾਣਕਾਰੀ ਹਾਸਲ ਕਰਨਗੇ ਤਾਂ ਕਿ ਪੰਜਾਬ ਵਿਧਾਨ ਸਭਾ ਦੇ ਆ ਰਹੇ ਸੈਸ਼ਨ ਦੌਰਾਨ ਇਹ ਮੁੱਦੇ ਉਠਾਏ ਜਾ ਸਕਣ।
ਸ਼ਰਾਬ ਬਾਰੇ ਕੇਜਰੀਵਾਲ ਨੇ ਮਾਨ ਨੂੰ ਬਥੇਰਾ ਸਮਝਾਇਆ: ਜਰਨੈਲ ਸਿੰਘ
‘ਆਪ’ ਦੀ ਪੰਜਾਬ ਇਕਾਈ ਦੇ ਸਹਿ-ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਸਲਾਹ ‘ਤੇ ਹੀ ਪਾਰਟੀ ਨੇ ਉਨ੍ਹਾਂ ਨੂੰ ਲੰਬੀ ਹਲਕੇ ਤੋਂ ਚੋਣ ਲੜਾਈ ਸੀ ਅਤੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਉਮੀਦਵਾਰ ਨਾ ਐਲਾਨਣਾ ਸਮੁੱਚੀ ਪਾਰਟੀ ਦਾ ਫੈਸਲਾ ਸੀ। ਇਸ ਕਾਰਨ ਹੁਣ ਮਾਨ ਨੂੰ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਮਾਨ ਉਪਰ ਵਿਰੋਧੀਆਂ ਵਲੋਂ ਸ਼ਰਾਬ ਪੀਣ ਦੇ ਦੋਸ਼ ਲਾਉਣ ਸਮੇਤ ਇਸ ਸਬੰਧ ਵਿਚ ਉਨ੍ਹਾਂ ਦੀਆਂ ਕਈ ਵੀਡੀਓਜ਼ ਵੀ ਜਨਤਕ ਹੋਈਆਂ ਹਨ। ਇਸ ਬਾਰੇ ਕੇਜਰੀਵਾਲ ਬੜੇ ਚਿੰਤਤ ਸਨ ਅਤੇ ਉਨ੍ਹਾਂ ਨੇ ਮਾਨ ਨੂੰ ਸਮਝਾਉਣ ਲਈ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਸਨ।
ਪੰਜਾਬ ਵਿਚ ਭਗਵੰਤ ਮਾਨ ਅੱਜ ਵੀ ‘ਨੰਬਰ ਵਨ’ : ਗਾਂਧੀ
ਬਠਿੰਡਾ : ‘ਆਪ’ ਤੋਂ ਮੁਅੱਤਲਸ਼ੁਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪਾਰਟੀ ਤੋਂ ਬਾਗ਼ੀ ਸੁਰਾਂ ਅਲਾਪ ਰਹੇ ਐਮਪੀ ਭਗਵੰਤ ਮਾਨ ਦੀ ਪਿੱਠ ਥਾਪੜਦਿਆਂ ਆਖਿਆ ਕਿ ਭਗਵੰਤ ਮਾਨ ਨੇ ਜੋ ਕਿਹਾ ਸਹੀ ਕਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਪੰਜਾਬ ਦਾ ਅਸਾਸਾ ਹੈ, ਜਿਸ ਨੂੰ ‘ਆਪ’ ਨੇ ਬੁਰੀ ਤਰ੍ਹਾਂ ਵਰਤਿਆ। ‘ਆਪ’ ਨੇ ਭਗਵੰਤ ਮਾਨ ਦੀ ਸਿਹਤ ਦਾ ਖਿਆਲ ਰੱਖੇ ਬਿਨਾ ਉਸ ਨੂੰ ਚੋਣਾਂ ਵਿਚ ਬੇਲੋੜਾ ਖਿੱਚਿਆ, ਜਿਸ ਦਾ ਉਸ ਦੀ ਸਿਹਤ ‘ਤੇ ਵੀ ਮਾੜਾ ਅਸਰ ਪਿਆ। ਉਨ੍ਹਾਂ ਆਖਿਆ ਕਿ ਚੋਣਾਂ ਵਿਚ ‘ਆਪ’ ਦੇ ਹਾਰਨ ਦੇ ਬਾਵਜੂਦ ਪੰਜਾਬ ਵਿਚ ਅੱਜ ਵੀ ਭਗਵੰਤ ਮਾਨ ‘ਨੰਬਰ ਵੰਨ’ ਹੈ, ਕਿਉਂਕਿ ਉਸ ਵਿਚ ਬਹੁਤ ਸਮਰੱਥਾ ਹੈ।
ਭਗਵੰਤ ਦੇ ਹੁਣ ਬੋਲਣ ਦਾ ਕੋਈ ਫ਼ਾਇਦਾ ਨਹੀਂ: ਛੋਟੇਪੁਰ
‘ਆਪ’ ਦੇ ਸਾਬਕਾ ਸੂਬਾ ਕਨਵੀਨਰ ਤੇ ‘ਆਪਣਾ ਪੰਜਾਬ’ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਕਿ ਜੇ ਭਗਵੰਤ ਮਾਨ ਪਹਿਲਾਂ ਇਹ ਗੱਲ ਖੁੱਲ੍ਹ ਕੇ ਰੱਖਦਾ ਤਾਂ ਅੱਜ ਪੰਜਾਬ ਦੇ ਸਿਆਸੀ ਹਾਲਾਤ ਹੋਰ ਹੀ ਹੋਣੇ ਸਨ। ਉਨ੍ਹਾਂ ਆਖਿਆ ਕਿ ਸਮਾਂ ਲੰਘਣ ਮਗਰੋਂ ਰੱਖੀ ਗੱਲ ਦਾ ਹੁਣ ਕੋਈ ਫਾਇਦਾ ਨਹੀਂ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …