ਬਾਲੀਵੁੱਡ ਅਤੇ ਰਾਜਨੀਤਿਕ ਗਲਿਆਰਿਆਂ ‘ਚ ਸੋਗ ਦੀ ਲਹਿਰ
ਮੁੰਬਈ : ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਤੇ ਗੁਰਦਾਸਪੁਰ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਵਿਨੋਦ ਖੰਨਾ ਦਾ ਵੀਰਵਾਰ ਨੂੰ 70 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਕੈਂਸਰ ਤੋਂ ਪੀੜਤ ਸਨ ਤੇ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਵੀਰਵਾਰ ਨੂੰ ਮੁੰਬਈ ਦੇ ਐੱਚ. ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਵਿਨੋਦ ਖੰਨਾ ਨੇ ਆਖਰੀ ਸਾਹ ਲਏ । ਵਿਨੋਦ ਖੰਨਾ ਦਾ ਅੰਤਿਮ ਸਸਕਾਰ ਮੁੰਬਈ ਵਿਚ ਕੀਤਾ ਗਿਆ। ਇਸ ਮੌਕੇ ਅਮਿਤਾਬ ਬਚਨ, ਅਭਿਸ਼ੇਕ ਬਚਨ, ਗੁਲਜ਼ਾਰ, ਅਕਸ਼ੇ ਖੰਨਾ, ਕਬੀਰ ਬੇਦੀ, ਰਿਸ਼ੀ ਕਪੂਰ ਅਤੇ ਰਣਬੀਰ ਕਪੂਰ ਤੋਂ ਇਲਾਵਾ ਹੋਰ ਬਹੁਤ ਸਾਰੇ ਬਾਲੀਵੁਡ ਕਲਾਕਰਾਂ ਤੇ ਰਾਜਨੀਤਕ ਖੇਤਰ ਦੇ ਆਗੂਆਂ ਨੇ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦਿੱਤੀ।
ਵਿਨੋਦ ਖੰਨਾ ਦੇ ਦਿਹਾਂਤ ਮਗਰੋਂ ਪੂਰੇ ਬਾਲੀਵੁੱਡ ਅਤੇ ਰਾਜਨੀਤਿਕ ਗਲਿਆਰਿਆਂ ‘ਚ ਵਿਚ ਸੋਗ ਦੀ ਲਹਿਰ ਹੈ। ਵਿਨੋਦ ਖੰਨਾ ਨੇ 140 ਤੋਂ ਵੱਧ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਨੋਦ ਖੰਨਾ ਦੇ ਦਿਹਾਂਤ ‘ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਸ਼ਹੂਰ ਅਦਾਕਾਰ, ਸਮਰਪਿਤ ਨੇਤਾ ਤੇ ਸ਼ਾਨਦਾਰ ਇਨਸਾਨ ਵਜੋਂ ਵਿਨੋਦ ਖੰਨਾ ਹਮੇਸ਼ਾ ਯਾਦ ਰਹਿਣਗੇ। ਵਿਨੋਦ ਖੰਨਾ ਦੇ ਦੇਹਾਂਤ ‘ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੁਰਪ੍ਰੀਤ ਸਿੰਘ ਵੜੈਚ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …