ਵਿਦਿਆਰਥੀਆਂ ਦੇ ਲੱਖਾਂ ਰੁਪਏ ਡੁੱਬੇ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿਚ ਤਿੰਨ ਪ੍ਰਾਈਵੇਟ ਕਾਲਜਾਂ ਦੇ ਅਚਾਨਕ ਬੰਦ ਹੋਣ ਕਾਰਨ ਪੰਜਾਬ, ਹਰਿਆਣਾ ਤੇ ਗੁਜਰਾਤ ਦੇ ਦੋ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਨ੍ਹਾਂ ਵਿਚੋਂ ਕੁਝ ਵਿਦਿਆਰਥੀ ਆਨਲਾਈਨ ਕਲਾਸਾਂ ਲਾ ਰਹੇ ਸਨ ਤੇ ਕੁਝ ਕੈਨੇਡਾ ਵਿਚ ਸਟੱਡੀ ਵੀਜ਼ਾ ਉਤੇ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਕਾਲਜਾਂ ਨੇ ਦੀਵਾਲੀਆ ਹੋਣ ਤੋਂ ਬਚਣ ਲਈ ਸਬੰਧਤ ਅਥਾਰਿਟੀ ਕੋਲ ਪਹੁੰਚ ਕੀਤੀ ਹੈ। ਆਪਣੀਆਂ ਵਿੱਤੀ ਮੁਸ਼ਕਲਾਂ ਲਈ ਕਾਲਜਾਂ ਨੇ ਕੋਵਿਡ ਮਹਾਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਾਲਜਾਂ ਨੇ ਪਹਿਲਾਂ 30 ਨਵੰਬਰ, 2021 ਤੋਂ 10 ਜਨਵਰੀ, 2022 ਤੱਕ ਲੰਮੀਆਂ ਸਰਦੀਆਂ ਦੀਆਂ ਛੁੱਟੀਆਂ ਐਲਾਨ ਦਿੱਤੀਆਂ। ਕਾਲਜ ਬੰਦ ਕਰਨ ਤੋਂ ਕੁਝ ਦੇਰ ਪਹਿਲਾਂ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਇਕ ਹਫ਼ਤੇ ਦੇ ਅੰਦਰ ਬਕਾਇਆ ਫੀਸ ਜਮ੍ਹਾਂ ਕਰਾਉਣ ਲਈ ਕਹਿ ਦਿੱਤਾ। ਇਹ ਫੀਸ 15 ਹਜ਼ਾਰ ਤੋਂ 29,500 ਕੈਨੇਡੀਅਨ ਡਾਲਰ ਤੱਕ ਸੀ ਜੋ ਕਿ ਨੌਂ ਲੱਖ ਤੋਂ 17.70 ਲੱਖ ਰੁਪਏ ਬਣਦੇ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਕੁਝ ਵਿਦਿਆਰਥੀਆਂ ਨੇ ਇਹ ਫੀਸ ਜਮ੍ਹਾਂ ਕਰਵਾ ਵੀ ਦਿੱਤੀ ਸੀ। ਇਹ ਤਿੰਨ ਕਾਲਜ ‘ਕਾਲਜ ਡੀ ਕੌਂਪਟਾਬਿਲਾਈਟ ਐਟ ਡੀ ਸੈਕਰਟ੍ਰੀਏਟ ਡੂ ਕਿਊਬੈਕ’ (ਸੀਸੀਐੱਸਕਿਊ), ਕਾਲਜ ਡੀ ਆਈ ‘ਐਸਟਰੀ (ਸੀਡੀਈ) ਤੇ ਐਮ ਕਾਲਜ ਹਨ। ਸੀਸੀਐੱਸਕਿਊ ਦੇ ਦੋ ਕੈਂਪਸ ਹਨ ਜਿਨ੍ਹਾਂ ਵਿਚੋਂ ਇਕ ਸ਼ੇਰਬਰੁੱਕ ਤੇ ਦੂਜਾ ਲੌਂਗਯੂਇਲ ਵਿਚ ਹੈ। ਇੱਥੇ ਅਕਾਊਂਟਿੰਗ, ਮੈਡੀਕਲ, ਕੰਪਿਊਟਿੰਗ ਤੇ ਲੀਗਲ ਸਟੱਡੀ ਦੇ ਕੋਰਸ ਪੜ੍ਹਾਏ ਜਾਂਦੇ ਹਨ। ਸੀਡੀਈ ਵਿਚ ਬਿਜ਼ਨਸ, ਪ੍ਰਸ਼ਾਸਨ ਤੇ ਸੂਚਨਾ ਤਕਨੀਕ ਦੇ ਛੇ ਕੋਰਸ ਹਨ ਜਦਕਿ ਐਮ ਕਾਲਜ ਵਿਚ ਚਾਰ ਕੋਰਸ ਬਿਜ਼ਨਸ, ਸਿਹਤ ਤੇ ਤਕਨੀਕ ਦੇ ਹਨ। ਵਿਦਿਆਰਥੀਆਂ ਦੀ ਉਮਰ 18-22 ਸਾਲ ਦੇ ਵਿਚਾਲੇ ਹੈ।
ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕਰਕੇ ਨਿਆਂ ਮੰਗਿਆ
ਵਿਦਿਆਰਥੀਆਂ ਨੇ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜ਼ੇਸ਼ਨ’ ਦੇ ਬੈਨਰ ਹੇਠ 29 ਜਨਵਰੀ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੇੜੇ ਰੋਸ ਮੁਜ਼ਾਹਰਾ ਵੀ ਕੀਤਾ ਸੀ। ਉਨ੍ਹਾਂ ਰੋਸ ਜ਼ਾਹਰ ਕਰਕੇ ਆਪਣੇ ਕੇਸ ਵਿਚ ਨਿਆਂ ਦੀ ਮੰਗ ਕੀਤੀ ਸੀ। ਉਨ੍ਹਾਂ ਇਸ ਮਾਮਲੇ ‘ਚ ਕੈਨੇਡਾ ਦੇ ਸਿੱਖਿਆ ਮੰਤਰੀ, ਭਾਰਤੀ ਦੂਤਾਵਾਸ, ਸੰਸਦ ਮੈਂਬਰਾਂ ਨੂੰ ਮੰਗ ਪੱਤਰ ਵੀ ਦਿੱਤਾ ਹੈ। ਰੋਸ ਮੁਜ਼ਾਹਰੇ ‘ਚ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਜਿਹੜੇ ਭਾਰਤ ਵਿਚ ਹਨ, ਉਨ੍ਹਾਂ ਦੀ ਵੀਜ਼ਾ ਫੀਸ ਰਿਫੰਡ ਹੋਵੇ, ਵਿਦਿਆਰਥੀਆਂ ਨੂੰ ਬੰਦ ਕਾਲਜਾਂ ਵਿਚ ਕੋਰਸ ਪੂਰਾ ਕਰਨ ਦਾ ਮੌਕਾ ਮਿਲੇ ਤੇ ਕਿਊਬੈਕ ਵਿਚ ਕੰਮ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਵੀ ਮਿਲਣ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ‘ਤੇ ਉਹ ਆਪਣਾ ਸੰਘਰਸ਼ ਤਿੱਖਾ ਕਰਨਗੇ।