Breaking News
Home / ਦੁਨੀਆ / ਟਰੰਪ ਪ੍ਰਸ਼ਾਸਨ ਹੋਰ ਸਖਤ ਕਰੇਗਾ ਐਚ1ਬੀ ਵੀਜ਼ਾ ਦੇ ਨਿਯਮ

ਟਰੰਪ ਪ੍ਰਸ਼ਾਸਨ ਹੋਰ ਸਖਤ ਕਰੇਗਾ ਐਚ1ਬੀ ਵੀਜ਼ਾ ਦੇ ਨਿਯਮ

ਨਵੇਂ ਨਿਯਮਾਂ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰ ਤੇ ਉਨ੍ਹਾਂ ਦੇ ਪਰਿਵਾਰ ਹੋਣਗੇ ਪ੍ਰਭਾਵਿਤ
ਵਾਸ਼ਿੰਗਟਨ/ਬਿਊਰੋ ਨਿਊਜ਼
ਡੋਨਾਲਡ ਟਰੰਪ ਪ੍ਰਸ਼ਾਸਨ ਹੁਣ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖ਼ਤ ਬਣਾਉਣ ਜਾ ਰਿਹਾ ਹੈ। ਅਮਰੀਕਾ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ ਸਾਬਕਾ ਰਾਸ਼ਟਰਪਤੀ ਓਬਾਮਾ ਪ੍ਰਸ਼ਾਸਨ ਦੇ ਨਿਯਮਾਂ ਨੂੰ ਖ਼ਤਮ ਕਰਨ ‘ਤੇ ਵਿਚਾਰ ਕਰ ਰਹੀ ਹੈ। ਨਵੇਂ ਨਿਯਮਾਂ ਤਹਿਤ ਐੱਚ-1ਬੀ ਵੀਜ਼ਾ ਅਧੀਨ ਅਮਰੀਕਾ ਵਿਚ ਪਤੀ ਜਾਂ ਪਤਨੀ ਲਈ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ। ਇਸ ਫ਼ੈਸਲੇ ਨਾਲ ਭਾਰਤੀ ਪੇਸ਼ੇਵਰ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਣਗੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਪ੍ਰਸ਼ਾਸਨ ਵਿਚ ਲਾਗੂ ਨਿਯਮਾਂ ਅਨੁਸਾਰ 2015 ‘ਚ ਐੱਚ-1ਬੀ ਵੀਜ਼ਾ ਜਾਂ ਹਾਈ ਕੌਸ਼ਲ ਵਾਲੇ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਐੱਚ-4 ਵੀਜ਼ਾ ‘ਤੇ ਨਿਰਭਰ ਰਹਿਣ ਵਾਲੇ ਅਮਰੀਕਾ ਵਿਚ ਨੌਕਰੀ ਕਰਨ ਦੇ ਹੱਕਦਾਰ ਹਨ। ਹੁਣ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਵੱਲੋਂ ਜਾਰੀ ਬਿਆਨਾਂ ਵਿਚ ਕਿਹਾ ਕਿ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਲਈ ਐੱਚ-4 ਵੀਜ਼ਾ ਨਿਯਮ ਖ਼ਤਮ ਕਰਨ ਦਾ ਪ੍ਰਸਤਾਵ ਹੈ। ਬਿਆਨਾਂ ਅਨੁਸਾਰ ‘ਬਾਏ ਅਮਰੀਕਾ, ਹਾਇਰ ਅਮਰੀਕਾ’ ਨੀਤੀ ਤਹਿਤ ਇਹ ਫ਼ੈਸਲਾ ਕੀਤਾ ਗਿਆ ਹੈ। ਐੱਸ-1ਬੀ ਵੀਜ਼ਾ ‘ਤੇ ਕੰਮ ਕਰ ਰਹੇ ਪੇਸ਼ੇਵਰ ਜੋ ਗਰੀਨ ਕਾਰਡ ਦੀ ਕੋਸ਼ਿਸ਼ ਕਰ ਰਹੇ ਹਨ ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਪ੍ਰਭਾਵਿਤ ਹੋਣਗੇ। ਐੱਚ-1ਬੀ ਵੀਜ਼ਾ ਮਿਲਣ ਵਾਲੇ ਪੇਸ਼ੇਵਰਾਂ ਦੀ ਹਿੱਸੇਦਾਰੀ ਨੂੰ ਫਿਰ ਤੋਂ ਪ੍ਰਭਾਵਿਤ ਕੀਤਾ ਜਾਵੇਗਾ। ਪਤੀ ਜਾਂ ਪਤਨੀ ਨੂੰ ਕੰਮ ਦੀ ਆਗਿਆ ਖ਼ਤਮ ਕਰਨ ਤੋਂ ਇਲਾਵਾ ਡੀਐੱਚਐੱਸ ਦੇ ਬਿਆਨ ਵਿਚ ਐੱਚ-1ਬੀ ਵੀਜ਼ਾ ਪ੍ਰੋਗਰਾਮ ‘ਚ ਹੋਰ ਬਦਲਾਅ ਦੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਹੈ।
ਇੰਡੀਅਨ ਆਈਟੀ ਇੰਡਸਟਰੀ ਸੰਗਠਨ ਦੇ ਪ੍ਰਧਾਨ ਆਰ ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਟਰੰਪ ਸਰਕਾਰ ਵੱਲੋਂ ਲਗਾਤਾਰ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖ਼ਤ ਬਣਾਉਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਹੈ। ਦੱਸਣਯੋਗ ਹੈ ਕਿ ਓਬਾਮਾ ਪ੍ਰਸ਼ਾਸਨ ਨੇ ਅਮਰੀਕਾ ਵਿਚ ਰਹਿ ਰਹੇ ਪੇਸ਼ੇਵਰਾਂ ‘ਤੇ ਆਰਥਿਕ ਦਬਾਅ ਨੂੰ ਘੱਟ ਕਰਨ ਦੇ ਮਕਸਦ ਨਾਲ ਪਰਵਾਸੀ ਪਤੀ ਜਾਂ ਪਤਨੀ ਨੂੰ ਕੰਮ ਕਰਨ ਦੀ ਛੋਟ ਦੀ ਤਜਵੀਜ਼ ਕੀਤੀ ਸੀ। ਇਸ ਤਹਿਤ ਗਰੀਨ ਕਾਰਡ ਲਈ ਉਡੀਕ ਕਰ ਰਹੇ ਪੇਸ਼ੇਵਰ ਦੇ ਨਿਰਭਰ ਜੀਵਨ ਸਾਥੀ ਨੂੰ ਕੰਮ ਕਰਨ ਦੀ ਛੋਟ ਮਿਲੀ ਸੀ। ਐੱਚ-1ਬੀ ਵੀਜ਼ਾ ਵਿਦੇਸ਼ੀ ਮਾਹਿਰਾਂ ਨੂੰ ਅਮਰੀਕਾ ਵਿਚ ਕੰਮ ਕਰਨ ਲਈ ਆਕਰਸ਼ਿਤ ਕਰਦਾ ਹੈ। ਇਸ ਵੀਜ਼ਾ ‘ਤੇ ਅਮਰੀਕਾ ਆਉਣ ਵਾਲਿਆਂ ਵਿਚ ਵੱਡ ਭਾਰਤੀਆਂ ਤੇ ਚੀਨੀ ਪੇਸ਼ੇਵਰ ਹਨ। ਸੀਐੱਨਐੱਨ ਮੁਤਾਬਿਕ ਪਤੀ ਜਾਂ ਪਤਨੀ ਨੂੰ ਕੰਮ ਨਹੀਂ ਮਿਲਣ ‘ਤੇ ਐੱਚ-1ਬੀ ਵੀਜ਼ਾ ਧਾਰਕ ਅਮਰੀਕਾ ਵਿਚ ਰੁਕਣ ਤੋਂ ਪਰਹੇਜ਼ ਕਰ ਸਕਦੇ ਹਨ।

Check Also

ਇਮਰਾਨ ਖਾਨ ਨੇ ਫੌਜ ਮੁਖੀ ਆਸਿਮ ਮੁਨੀਰ ਨੂੰ ਦਿੱਤੀ ਧਮਕੀ

ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ …