ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਗੇਅ ਨਾਈਟ ਕਲੱਬ ‘ਤੇ ਹੋਏ ਅੱਤਵਾਦੀ ਹਮਲੇ ਮਗਰੋਂ ਅਮਰੀਕੀ ਸਿੱਖਾਂ ‘ਤੇ ਹਮਲੇ ਵਧਣ ਦਾ ਖ਼ਦਸ਼ਾ ਹੈ। ਵੈਸੇ ਓਬਾਮਾ ਪ੍ਰਸ਼ਾਸਨ ਨੇ ਸਿੱਖਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਇਹ ਆਮ ਤੌਰ ‘ਤੇ ਹੁੰਦਾ ਰਿਹਾ ਹੈ ਕਿ ਹਰੇਕ ਵੱਡੇ ਅੱਤਵਾਦੀ ਹਮਲੇ ਮਗਰੋਂ ਸਿੱਖਾਂ ਨੂੰ ਹੇਟ ਕ੍ਰਾਈਮ ਦਾ ਸ਼ਿਕਾਰ ਬਣਨਾ ਪੈਂਦਾ ਹੈ। ਅਕਸਰ ਹੀ ਸਥਾਨਕ ਲੋਕ ਉਨ੍ਹਾਂ ਨੂੰ ਮੁਸਲਿਮ ਸਮਝ ਲੈਂਦੇ ਹਨ ਤੇ ਹਮਲੇ ਕਰ ਦਿੰਦੇ ਹਨ।ਆਰਲੈਂਡੋ ਦੇ ਕਲੱਬ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਵਿਚ ਪਸਰੇ ਡਰ ਨੂੰ ਦੂਰ ਕਰਨ ਲਈ ਵ੍ਹਾਈਟ ਹਾਊਸ ਨੇ ਐਤਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਬਾਹਰਵਾਰ ਬਣੇ ਇਕ ਗੁਰਦੁਆਰੇ ਵਿਚ ਆਪਣੇ ਸੀਨੀਅਰ ਅਫਸਰਾਂ ਨੂੰ ਭੇਜ ਕੇ ਉੱਥੇ ਸਿੱਖ ਭਾਈਚਾਰੇ ਤੇ ਸਥਾਨਕ ਲੀਡਰਸ਼ਿਪ ਨੂੰ ਪੂਰੀ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ। ਮੈਰੀਲੈਂਡ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਵਿਖੇ ਸਿੱਖ ਭਾਈਚਾਰੇ ਨਾਲ ਬੈਠਕ ਕਰਨ ਮਗਰੋਂ ਵ੍ਹਾਈਟ ਹਾਊਸ ਵਿਖੇ ਡੋਮੈਸਟਿਕ ਪਾਲਿਸੀ ਕੌਂਸਲ ਦੀ ਡਾਇਰੈਕਟਰ ਸਿਸਲੀਆ ਮੂਨੋਜ਼ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਸ ਵੇਲੇ ਸਿੱਖ ਭਾਈਚਾਰਾ ਕਾਫੀ ਦਹਿਸ਼ਤ ਵਿਚ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਮਰੀਕਾ ਵਿਚ ਹਰ ਜਗ੍ਹਾ ਸੁਰੱਖਿਅਤ ਹਨ। ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ, ਸਰਕਾਰ ਉਨ੍ਹਾਂ ਦੀ ਹਰ ਪੱਖੋਂ ਹਿਫਾਜ਼ਤ ਕਰੇਗੀ ਤੇ ਉਨ੍ਹਾਂ ਦੇ ਹਿੱਤਾਂ ਨੂੰ ਢਾਹ ਨਹੀਂ ਲੱਗਣ ਦਿੱਤੀ ਜਾਵੇਗੀ। ਗੁਰਦੁਆਰੇ ਵਿਚ ਬੀਬੀ ਮੂਨੋਜ਼ ਨੇ ਆਪਣੇ ਸਾਥੀਆਂ ਨਾਲ ‘ਸੰਗਤ’ ਵਿਚ ਹਾਜ਼ਰੀ ਵੀ ਭਰੀ।
Check Also
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ
ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …