ਵਿਰੋਧੀ ਪਾਰਟੀਆਂ ਨੇ ਪੀਐਮ ਖਿਲਾਫ ਆਰ-ਪਾਰ ਦੀ ਜੰਗ ਛੇੜੀ
ਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਖ਼ਿਲਾਫ਼ ਆਰਪਾਰ ਦੀ ਲੜਾਈ ਛੇੜ ਦਿੱਤੀ ਹੈ। ਕਰਾਚੀ ਦੀ ਵਿਸ਼ਾਲ ਰੈਲੀ ਵਿਚ ਵਿਰੋਧੀ ਆਗੂਆਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨਿਕੰਮਾ ਅਤੇ ਮੂਰਖ ਕਰਾਰ ਦਿੱਤਾ। ਉਨ੍ਹਾਂ ‘ਤੇ ਜਨਤਾ ਨਾਲ ਧੋਖਾਧੜੀ ਕਰਨ ਦਾ ਸਿੱਧਾ ਦੋਸ਼ ਮੜਿਆ। ਹਮਲਾਵਰ ਵਿਰੋਧੀ ਧਿਰ ਦਾ ਕਹਿਣਾ ਸੀ ਕਿ ਪਾਕਿਸਤਾਨ ਦੀ ਮੌਜੂਦਾ ਇਮਰਾਨ ਸਰਕਾਰ ਤਾਨਾਸ਼ਾਹ ਬਣ ਗਈ ਹੈ।
ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਦੇ ਗੱਠਜੋੜ ਨੇ ਆਪਣੇ ਦੇਸ਼-ਪੱਧਰੀ ਅੰਦੋਲਨ ਤਹਿਤ ਪੀਐੱਮ ਇਮਰਾਨ ਖ਼ਿਲਾਫ਼ ਕਰਾਚੀ ਵਿਚ ਪਿਛਲੇ ਦਿਨੀਂ ਦੂਜੀ ਰੈਲੀ ਕੀਤੀ। 11 ਵਿਰੋਧੀ ਪਾਰਟੀਆਂ ਨੇ 20 ਸਤੰਬਰ ਨੂੰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਨਾਂ ਨਾਲ ਗੱਠਜੋੜ ਬਣਾਇਆ ਸੀ। ਇਸ ਗੱਠਜੋੜ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਸਰਕਾਰ ਨੂੰ ਹਟਾਉਣ ਲਈ ਤਿੰਨ ਪੜਾਵਾਂ ਵਾਲਾ ਸਰਕਾਰ ਵਿਰੋਧੀ ਅੰਦੋਲਨ ਸ਼ੁਰੂ ਕੀਤਾ ਹੈ। ਇਸ ਤਹਿਤ ਦੇਸ਼ ਭਰ ਵਿਚ ਸੈਂਕੜੇ ਰੈਲੀਆਂ, ਜਨਤਕ ਮੀਟਿੰਗਾਂ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਅਗਲੇ ਸਾਲ ਜਨਵਰੀ ਵਿਚ ਇਸਲਾਮਾਬਾਦ ‘ਚ ਮਾਰਚ ਕੱਢਿਆ ਜਾਵੇਗਾ।
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਰਾਚੀ ਦੇ ਬਾਗ-ਏ-ਜਿਨਾਹ ਵਿਚ ਐਤਵਾਰ ਦੀ ਰੈਲੀ ਵਿਚ ਕਿਹਾ ਕਿ ਇਸ ਨਿਕੰਮੇ ਅਤੇ ਮੂਰਖ ਪ੍ਰਧਾਨ ਮੰਤਰੀ ਨੂੰ ਘਰ ਪਰਤਣਾ ਹੋਵੇਗਾ। ਇਤਿਹਾਸ ਨੇ ਸਾਬਤ ਕੀਤਾ ਹੈ ਕਿ ਵੱਡੇ ਤੋਂ ਵੱਡਾ ਤਾਨਾਸ਼ਾਹ ਵੀ ਕਾਇਮ ਨਹੀਂ ਰਹਿ ਸਕਦਾ ਤਾਂ ਇਹ ਕਠਪੁਤਲੀ ਪੀਐੱਮ ਕਿਵੇਂ ਟਿਕਿਆ ਰਹੇਗਾ? ਬਿਲਾਵਲ ਨੇ ਪ੍ਰਧਾਨ ਮੰਤਰੀ ਖ਼ਾਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਨਵੀਂ ਲੜਾਈ ਨਹੀਂ ਹੈ ਪ੍ਰੰਤੂ ਇਹ ਨਿਰਣਾਇਕ ਹੋਵੇਗੀ।
ਰੈਲੀ ਦੌਰਾਨ ਕਾਰਸਾਜ ਵਿਚ ਹੋਏ ਦੋਹਰੇ ਧਮਾਕੇ ਦੀ 13ਵੀਂ ਬਰਸੀ ਵੀ ਮਨਾਈ ਗਈ। 2007 ਵਿਚ ਇਸ ਧਮਾਕੇ ਵਿਚ ਆਪਣੇ ਘਰ ਪਰਤ ਰਹੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਧਮਾਕੇ ਵਿਚ 200 ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …