ਬੇਸਬੈਟ ਤੇ ਤਲਵਾਰਾਂ ਚੱਲੀਆਂ – ਕਈ ਵਿਅਕਤੀ ਹੋਏ ਜ਼ਖ਼ਮੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੀ ਵਾਸ਼ਿੰਗਟਨ ਸਟੇਟ ਵਿੱਚ ਰੈਂਟਨ ਸ਼ਹਿਰ (ਸਿਆਟਲ) ਦੇ ਗੁਰਦੁਆਰਾ ਸਿੰਘ ਸਭਾ ਵਿਚ ਐਤਵਾਰ ਦੁਪਹਿਰ ਕਰੀਬ 2 ਵਜੇ ਦੋ ਧੜਿਆਂ ਵਿੱਚ ਖ਼ੂਨੀ ਝੜਪ ਹੋ ਗਈ। ਬੇਸਬੈਟ ਤੇ ਤਲਵਾਰਾਂ ਨਾਲ ਹੋਈ ਲੜਾਈ ‘ਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਮਰੀਕਾ
ਤੋਂ ਪਰਵਾਸੀ ਪੰਜਾਬੀਆਂ ਨੇ ਵੀਡੀਓ ਅਤੇ ਟੈਲੀਫੋਨ ‘ਤੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਰੈਂਟਨ ਪੁਲਿਸ ਅਤੇ ਰੈਂਟਨ ਫਾਇਰਫਾਈਟਰਜ਼ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਉਤੇ ਕਾਬੂ ਪਾਇਆ।
ਉਨ੍ਹਾਂ ਕਿਹਾ ਕਿ ਇਹ ਘਟਨਾ ਗੁਰੂ ਘਰ ਦੇ ਲੰਗਰ ਹਾਲ ਵਿੱਚ ਹੋਈ, ਜਿਥੇ ਦੋ ਗੁੱਟਾਂ ਵਿਚਕਾਰ ਜੰਮ ਕੇ ਝਗੜਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇੱਕ ਧੜਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਨਾਰਾਜ਼ ਚੱਲ ਰਿਹਾ ਹੈ ਅਤੇ ਕਮੇਟੀ ਵੱਲੋਂ ਦੂਜੇ ਧੜੇ ਦੀ ਪੁਸ਼ਤਪਨਾਹੀ ਦੇ ਸ਼ੱਕ ਕਾਰਨ ਹੀ ਇਹ ਝਗੜਾ ਹੋਇਆ ਦੱਸਿਆ ਜਾਂਦਾ ਹੈ। ਲੜਾਈ ਵਿਚ ਕਈ ਵਿਅਕਤੀਆਂ ਦੀਆਂ ਦਸਤਾਰਾਂ ਵੀ ਲੱਥ ਗਈਆਂ ਅਤੇ ਕਈਆਂ ਦੇ ਸੱਟਾਂ ਲੱਗੀਆਂ ਹਨ। ਬਾਅਦ ਵਿਚ ਪੁਲਿਸ ਵਲੋਂ ਦਖਲਅੰਦਾਜ਼ੀ ਕਰਨ ‘ਤੇ ਮਾਹੌਲ ਸ਼ਾਂਤ ਹੋਇਆ।
Check Also
ਡੋਨਾਲਡ ਟਰੰਪ ਨੇ ਵੋਟਿੰਗ ਨਿਯਮ ਬਦਲੇ
ਹੁਣ ਅਮਰੀਕਾ ’ਚ ਨਾਗਰਿਕਤਾ ਦਾ ਸਬੂਤ ਜ਼ਰੂਰੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਵੀ …