Breaking News
Home / Special Story / ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਭਾਈ ਗੋਬਿੰਦ ਸਿੰਘ ਲੌਂਗੋਵਾਲ
ਕਿਸੇ ਵੀ ਕੌਮ ਦੀ ਪਛਾਣ ਉਸ ਦੇ ਯੋਧਿਆਂ ਦੀ ਘਾਲ ਕਮਾਈ ਤੋਂ ਹੀ ਸਾਹਮਣੇ ਆਉਂਦੀ ਹੈ। ਜਿਸ ਕੌਮ ਨੂੰ ਉਸ ਦੇ ਰਹਿਬਰਾਂ ਅਤੇ ਯੋਧਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੋਵੇ, ਉਹ ਕਿਸੇ ਦੇ ਮੁਕਾਇਆਂ ਮੁੱਕ ਨਹੀਂ ਸਕਦੀ। ਜੂਝ ਮਰਨ ਦਾ ਚਾਅ ਹੀ ਕੌਮ ਦੀ ਬੁਲੰਦੀ ਦੀ ਪਛਾਣ ਬਣਦਾ ਹੈ ਅਤੇ ਸਿੱਖ ਕੌਮ ਨੂੰ ਇਹ ਮਾਣ ਹਾਸਿਲ ਹੈ ਕਿ ਜਿੰਨੀਆਂ ਸ਼ਹਾਦਤਾਂ ਇਸ ਦੇ ਇਤਿਹਾਸ ਦਾ ਹਿੱਸਾ ਹਨ, ਓਨੀਆਂ ਹੋਰ ਕਿੱਧਰੇ ਨਹੀਂ ਮਿਲਦੀਆਂ।
ਸਿੱਖ ਪੰਥ ਵਿਚ ਕੁਰਬਾਨੀਆਂ ਦਾ ਵਿਸ਼ੇਸ਼ ਰੂਪ ‘ਸ਼ਹਾਦਤ’ ਬਹੁਤ ਵਿਲੱਖਣਤਾ ਨਾਲ ਪ੍ਰਗਟ ਹੁੰਦਾ ਹੈ। ਮੈਦਾਨ-ਏ-ਜੰਗ ਵਿਚ ਜੂਝਦਿਆਂ ਧਰਮ ‘ਤੇ ਦ੍ਰਿੜ੍ਹ ਰਹਿ ਕੇ ਇਸ ਨਿਵੇਕਲੇ ਪੰਥ ਵਿਚ ਸ਼ਹਾਦਤਾਂ ਹਾਸਲ ਕਰਨ ਦੀਆਂ ਅਨੇਕਾਂ ਉਦਾਹਰਣਾਂ ਸਾਹਮਣੇ ਆਉਂਦੀਆਂ ਹਨ। ਸਿੱਖ ਪੰਥ ਵਿਚ ਸ਼ਹਾਦਤਾਂ ਦੀ ਇਕ ਬਹੁਤ ਗੌਰਵਸ਼ਾਲੀ ਪ੍ਰੰਪਰਾ ਹੈ। ਇਸ ਸ਼ਹਾਦਤ-ਪ੍ਰੰਪਰਾ ਦਾ ਆਰੰਭ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਤੋਂ ਹੁੰਦਾ ਹੈ। ਫਿਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਧਰਮ ਦੀ ਖਾਤਰ ਸ਼ਹਾਦਤ ਦਿੱਤੀ। ਇਸ ਤੋਂ ਬਾਅਦ ਖਾਲਸਾ ਪੰਥ ਅੰਦਰ ਸ਼ਹਾਦਤਾਂ ਦੀ ਇਕ ਲੰਮੀ ਲੜੀ ਦ੍ਰਿਸ਼ਟੀਗੋਚਰ ਹੁੰਦੀ ਹੈ। ਕਹਿਣ ਦਾ ਭਾਵ ਕਿ ਸਮੁੱਚਾ ਸਿੱਖ ਇਤਿਹਾਸ ਸ਼ਹਾਦਤਾਂ ਅਤੇ ਜੰਗਾਂ-ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਜੰਗਾਂ-ਯੁੱਧਾਂ ਅਤੇ ਸ਼ਹਾਦਤਾਂ ਦਾ ਕਾਰਨ ਸਿੱਖ ਧਰਮ ਦੁਆਰਾ ਹੱਕ ਸੱਚ ਅਤੇ ਧਰਮ ਦੀ ਸਥਾਪਤੀ ਕਰਦਿਆਂ ਦੁਨੀਆ ਨੂੰ ਅਨਿਆਂ, ਦੁਰਾਚਾਰ ਅਤੇ ਜ਼ੁਲਮ ਤੋਂ ਛੁਟਕਾਰਾ ਦਿਵਾ ਕੇ ਇਕ ਆਦਰਸ਼ ਅਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨਾ ਸੀ।
ਜ਼ੁਲਮ ਅਤੇ ਅਨਿਆਂ ਵਿਰੁੱਧ ਲੜੀਆਂ ਗਈਆਂ ਜੰਗਾਂ ਵਿਚ ਚਮਕੌਰ ਸਾਹਿਬ ਦੀ ਜੰਗ ਸੰਸਾਰ ਦੀ ਅਸਾਵੀਂ ਤੇ ਅਨੋਖੀ ਜੰਗ ਮੰਨੀ ਜਾਂਦੀ ਹੈ। 1704 ਈ. ਵਿਚ ਪਹਾੜੀ ਰਾਜਿਆਂ ઠਅਤੇ ਮੁਗਲਈ ਫੌਜਾਂ ਵਲੋਂ ਲਗਾਤਾਰ ਕਈ ਮਹੀਨੇ ਸ੍ਰੀ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ। ਕਈ ਹਮਲੇ ਹੋਏ ਅਤੇ ਖੂਨ ਦੀ ਹੋਲੀ ਖੇਡੀ ਗਈ। ਅਖੀਰ ਪਹਾੜੀ ਰਾਜਿਆਂ ਦੇ ਵਿਸ਼ਵਾਸ ਅਤੇ ਸਮੇਂ ਦੇ ਬਾਦਸ਼ਾਹ ਵਲੋਂ ਪੇਸ਼ ਭਰੋਸੇ ਕਿ ਜੇ ਗੁਰੂ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡ ਜਾਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ, ਦਿੱਤੇ ਵਚਨਾਂ ਅਤੇ ਕੀਤੇ ਕਰਾਰਾਂ ਉਤੇ ਯਕੀਨ ਕਰ ਕੇ ਦਸਮੇਸ਼ ਪਾਤਸ਼ਾਹ ਜੀ ਨੇ ਕਿਲਾ ਖਾਲੀ ਕਰ ਦਿੱਤਾ। ਗੁਰੂ ਸਾਹਿਬ ਦਾ ਕਾਫਿਲਾ ਅਜੇ ਕੀਰਤਪੁਰ ਸਾਹਿਬ ਹੀ ਪੁੱਜਾ ਸੀ ਕਿ ਵਿਸ਼ਵਾਸਘਾਤੀ ਦੁਸ਼ਮਣ ਨੇ ਸਭ ਕਸਮਾਂ ਤੋੜ ਦਿੱਤੀਆਂ ਅਤੇ ਕੀਤੇ ਕਰਾਰ ਭੁੱਲ ਕੇ ਹਮਲਾ ਕਰ ਦਿੱਤਾ। ਸਰਸਾ ਨਦੀ ਕੰਢੇ ਭਾਰੀ ਯੁੱਧ ਹੋਇਆ। ਇਸ ਹਮਲੇ ਨੇ ਗੁਰੂ ਪਰਿਵਾਰ ਵਿਚ ਵਿਛੋੜਾ ਪਾ ਦਿੱਤਾ। ਦਸਮੇਸ਼ ਪਿਤਾ ਜੀ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਸਾਹਿਬ ਵਿਖੇ ਕੱਚੀ ਗੜ੍ਹੀ ਵਿਚ ਪੁੱਜ ਗਏ।
ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਸਾਹਿਬ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚ 40 ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੀ ਸੈਨਾ ਦਾ ਡਟ ਕੇ ਟਾਕਰਾ ਕੀਤਾ। ਚਮਕੌਰ ਸਾਹਿਬ ਦੀ ਜੰਗ ਦਸਮੇਸ਼ ਪਿਤਾ ਲਈ ਸਬਰ-ਸਿਦਕ ਅਤੇ ਹੌਸਲੇ ਦਾ ਇਮਤਿਹਾਨ ਸੀ। ਅਗਲੇ ਦਿਨ ਜੰਗ ਆਰੰਭ ਹੋਈ, ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕੀਤਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਜਾਂਦੇ ਹੀ ਮੁਗ਼ਲ ਫੌਜ ਨੂੰ ਭਾਜੜ ਪਾ ਦਿੱਤੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਵੀ ਪਿਤਾ-ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਸਤਿਗੁਰਾਂ ਨੇ ਉਸ ਨੂੰ ਵੀ ਆਪਣੇ ਹੱਥੀਂ ਤਿਆਰ ਕਰ ਕੇ ਜੰਗ ਵਿਚ ਜੂਝਣ ਲਈ ਤੋਰਦਿਆਂ ਕਿਹਾ
ਹਮ ਦੇਤੇ ਹੈਂ ਖੰਜਰ, ਉਸੇ ਸ਼ਮਸ਼ੀਰ ਸਮਝਨਾ।
ਨੇਜ਼ੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਨਾ।
ਜਿਤਨੇ ਮਰੇਂ ਇਸ ਸੇ, ਉਨ੍ਹੇਂ ਬੇ-ਪੀਰ ਸਮਝਨਾ।
ਜ਼ਖ਼ਮ ਆਏ ਤੋ ਹੋਨਾ ਨਹੀਂ ਦਿਲਗੀਰ ਸਮਝਨਾ।
ਜਬ ਤੀਰ ਕਲੇਜੇ ਮੇਂ ਲਗੇ, ‘ਸੀ’ ਨਹੀਂ ਕਰਨਾ।
‘ਉਫ਼’ ਮੂੰਹ ਸੇ ਮੇਰੀ ਜਾਨ, ਕਬੀ ਭੀ ਨਹੀਂ ਕਰਨਾ।
(ਗੰਜਿ ਸ਼ਹੀਦਾਂ)
ਨਿੱਕੀ ਜਿੰਦ ਨੇ ਭਾਰੀ ਜੰਗ ਕਰਦਿਆਂ ਅਣਗਿਣਤ ਵੈਰੀਆਂ ਨੂੰ ਪਾਰ ਬੁਲਾ ਕੇ ਸ਼ਹਾਦਤ ਪ੍ਰਾਪਤ ਕੀਤੀ। ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਿੱਛੋਂ ਦਸਮੇਸ਼ ਪਿਤਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਧੰਨ ਭਾਗ ਹਨ ਮੇਰੇ, ਇਹ ਅੱਲ੍ਹਾ ਦੀ ਅਮਾਨਤ ਸਨ, ਉਸ ਨੂੰ ਸੌਂਪ ਕੇ ਮੈਂ ਮੈਦਾਨੇ-ਜੰਗ ਤੋਂ ਸੁਰਖਰੂ ਹੋ ਕੇ ਜਾ ਰਿਹਾ ਹਾਂ। ਚਮਕੌਰ ਦੀ ਅਸਾਵੀਂ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋਏ ਚਾਲੀ ਸਿੰਘਾਂ ਨੇ ਇਸ ਪਾਵਨ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਇਹ ਧਰਤੀ ਇਕ ਤੀਰਥ ਅਸਥਾਨ ਬਣ ਗਈ, ਜੋ ਸ਼ਹਾਦਤ ਦੇ ਇਤਿਹਾਸ ਦੀ ਸ਼ਾਹਦੀ ਭਰਦੀ ਹੈ। ਕਵੀ ਅੱਲ੍ਹਾ ਯਾਰ ਖਾਂ ਨੇ ਇਸ ਧਰਤੀ ਨੂੰ ਇਸ ਤਰ੍ਹਾਂ ਸਤਿਕਾਰ ਭੇਟ ਕੀਤਾ ਹੈ :
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਏ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸ਼ਮਾ ਕੇ ਲੀਏ।
(ਗੰਜਿ ਸ਼ਹੀਦਾਂ)
ਸਾਕਾ ਚਮੌਕਰ ਸਾਹਿਬ ਖਾਲਸਾ ਪੰਥ ਦੀ ਗੌਰਵਮਈ ਦਾਸਤਾਨ ਹੈ। ਅਜੋਕੇ ਯੁੱਗ ਦੇ ਸਿੱਖ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਅਤੇ ਧਰਮ ਪ੍ਰਤੀ ਪ੍ਰਪੱਕਤਾ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਸਿੱਖੀ ਸਰੂਪ ਦੀ ਸੰਭਾਲਣਾ ਕਰਨ ਲਈ ਪ੍ਰੇਰਨਾ ਲੈਣੀ ਚਾਹੀਦੀ ਹੈ। ਸਾਕਾ ਚਮਕੌਰ ਸਾਹਿਬ ਸਾਡੀਆਂ ਯਾਦਾਂ ਦਾ ਹਿੱਸਾ ਬਣ ਕੇ ਸਾਨੂੰ ਆਪਣੇ ਪੁਰਖਿਆਂ ਦੀ ਸੂਰਬੀਰਤਾ ਦੀ ਦਾਸਤਾਨ ਨੂੰ ਮੁੜ-ਮੁੜ ਸੁਣਨ ਲਈ ਪ੍ਰੇਰਿਤ ਕਰਦਾ ਹੈ। ਸੋ ਆਓ, ਇਸ ਤੋਂ ਸੇਧ ਪ੍ਰਾਪਤ ਕਰ ਕੇ ਗੁਰਮਤਿ ਰਹਿਣੀ ਵਿਚ ਪ੍ਰਪੱਕ ਰਹਿਣ ਦਾ ਅਹਿਦ ਕਰੀਏ।
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ
ਸ਼ਹੀਦੀ ਹਫ਼ਤੇ ਦੀ ਦਾਸਤਾਂ
ਡਾ. ਰੂਪ ਸਿੰਘ
ਪੋਖਿ ਤੁਖਾਰੁ ਪੜੈ ਵਣੁ ਤਿਣੁ ਰਸੁ ਸੋਖੈ॥ ਦੇ ਬਚਨ ਵਿੱਚ ਗੁਰੂ ਨਾਨਕ ਦੇਵ ਜੀ ਸਪਸ਼ਟ ਕਰਦੇ ਹਨ ਕਿ ਪੋਹ ਦੇ ਮਹੀਨੇ ‘ਚ ਤੁਖਾਰ, ਕੱਕਰ, ਬਰਫ਼, ਪਾਲਾ ਅਤੇ ਠੰਢ ਪੈਣ ਕਾਰਨ ਕੁਦਰਤ ਦੇ ਖਿੜਾਓ ਵਿਚ ਪਤਝੜ ਆ ਜਾਂਦੀ ਹੈ। ਸੂਰਜ ਦੀ ਗਰਮੀ ਨਾ ਮਿਲਣ ਕਾਰਨ ਦਰੱਖਤ, ਫੁੱਲ ਤੇ ਵਣ ਤ੍ਰਿਣ ਸਭ ਮੁਰਝਾ ਜਾਂਦੇ ਹਨ। ਇਸ ਕੁਦਰਤੀ ਤਬਦੀਲੀ ਕਾਰਨ ਮਨੁੱਖੀ ਮਨ-ਸਰੀਰ ਵੀ ਖੁਸ਼ਕੀ ਮਹਿਸੂਸ ਕਰਦਾ ਹੈ ਪਰ ਜਿਹੜਾ ਮਾਨਵ ਸ਼ਕਤੀ ਅਤੇ ਸਦਾ ਵਿਗਾਸ ਦੇ ਅਮੁਕ ਸੋਮੇ ਕਰਤਾਪੁਰਖ ਨਾਲ ਆਪਣਾ ਸਦੀਵੀਂ ਸਬੰਧ ਬਣਾ ਲੈਂਦਾ ਹੈ, ਉਹ ਇਸ ਦਸ਼ਾ ਵਿਚ ਵੀ ਅਕਾਲਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਸਿਰਜਣਹਾਰ ਨੂੰ ਸਮਰਪਿਤ ਹੋ ਕੇ ਅਸੀਂ ਆਪਣਾ ਜੀਵਨ ਸੁਹਾਵਣਾ-ਸੁਖਮਈ ਬਣਾ ਸਕਦੇ ਹਾਂ। ਪੋਹ ਦੇ ਮਹੀਨੇ ਸਾਨੂੰ ਸਭ ਨੂੰ ਸਰਦੀ ਬਹੁਤ ਸਤਾਉਂਦੀ ਹੈ, ਪਰ ਆਨੰਦਪੁਰੀ ਦੇ ਆਨੰਦਮਈ ਵਾਤਾਵਰਨ, ਆਨੰਦਪੁਰ ਦੇ 8 ਮਹੀਨੇ ਦੇ ਜ਼ਬਰਦਸਤ ਘੇਰੇ, ਆਨੰਦਪੁਰ ਨੂੰ ਛੱਡਣ, ਸਿਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਦੀਵਾਰਾਂ ਵਿਚ ਸਾਹਿਬਜ਼ਾਦਿਆਂ ਦੇ ਜਿਊਂਦੇ ਚਿਣੇ ਜਾਣ ‘ਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਪੜ੍ਹ-ਸੁਣ ਕੇ ਮਨ-ਸਰੀਰ ਵਿਚ ਰੋਸ-ਰੋਹ ਤੇ ਜੋਸ਼ ਦੀ ਲਹਿਰ ਦੌੜਦੀ ਹੈ। 8 ਤੋਂ 13 ਪੋਹ ਦੇ ਇਹ ਦਿਨ ਸਿੱਖ ਇਤਿਹਾਸ ਦੇ ਦਰਦਮਈ ਤੇ ਗੰਭੀਰ ਪ੍ਰੀਖਿਆ ਦੇ ਦਿਨ ਸਨ।
ਇੱਕ ਦਿਨ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿਰਾਂ ਦੀ ਮੰਗ ਕਰਕੇ ਆਪਣੇ ਸਿੱਖਾਂ, ਸੇਵਕਾਂ ਦੀ ਪਰਖ ਕੀਤੀ। ਪੰਜ ਪਿਆਰਿਆਂ ਦਾ ਰੁਤਬਾ ਹਾਸਲ ਕਰਨ ਵਾਲਿਆਂ ਨੇ ਗੁਰੂ ਚਰਨਾਂ ਵਿਚ ਸੀਸ ਭੇਟ ਕੀਤੇ। ਆਨੰਦਪੁਰ ਸਾਹਿਬ ਨੂੰ ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖਾਂ, ਸਰਹਿੰਦ ਦੇ ਸੂਬੇਦਾਰ ਅਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ। ਅੱਠ ਮਹੀਨੇ ਤੱਕ ਰਹੇ ਇਸ ਜ਼ਬਰਦਸਤ ਘੇਰੇ ਕਾਰਨ ਆਨੰਦਗੜ੍ਹ ਦੇ ਕਿਲ੍ਹੇ ‘ਚ ਜਲ-ਪਾਣੀ, ਅੰਨ-ਦਾਣਾ ਆਉਣਾ ਬੰਦ ਹੋ ਗਿਆ। ਜੇ ਸਿੰਘ ਸੂਰਮੇ ਦੁਸ਼ਮਣ ਦਲਾਂ ‘ਤੇ ਹਮਲਾ ਕਰਕੇ ਅੰਨ-ਪਾਣੀ ਦਾ ਪ੍ਰਬੰਧ ਕਰਦੇ ਤਾਂ ਉਨ੍ਹਾਂ ਦਾ ਕਾਫ਼ੀ ਜਾਨੀ ਨੁਕਸਾਨ ਹੋ ਜਾਂਦਾ। ਮੁਸੀਬਤ ਦੇ ਸਮੇਂ ਵੀ ਸਿੱਖਾਂ ਨੇ ਸਬਰ-ਸਿਦਕ ਤੋਂ ਕੰਮ ਲਿਆ। ਜਦੋਂ ਦੁਸ਼ਮਣ ਨੇ ਵੇਖਿਆ ਕਿ ਇਸ ਤਰ੍ਹਾਂ ਅਸੀਂ ਆਨੰਦਗੜ੍ਹ ਦੇ ਕਿਲ੍ਹੇ ‘ਤੇ ਕਾਬਜ਼ ਨਹੀਂ ਹੋ ਸਕਾਂਗੇ ਤਾਂ ਉਨ੍ਹਾਂ ਕੁਰਾਨ ਸਰੀਫ਼ ਤੇ ਗਊ ਦੀਆਂ ਕਸਮਾਂ ਖਾ ਕੇ ਕਿਹਾ ਕਿ ਜੇ ਗੁਰੂ ਜੀ ਆਪਣੇ ਸਿੰਘਾਂ ਸਣੇ ਕਿਲ੍ਹੇ ਨੂੰ ਖਾਲੀ ਕਰਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣਾਂ ਨੇ ਭੁੱਖੇ ઠਸਿੰਘਾਂ ‘ਤੇ ਹੱਲਾ ਬੋਲ ਦਿੱਤਾ। ਪੋਹ ਦੇ ਮਹੀਨੇ, ਬਾਰਸ਼ ਸਮੇਂ ਸ਼ੂਕਦੀ ਸਰਸਾ ਨਦੀ ਦੇ ਕੰਢੇ ਭਿਆਨਕ ਯੁੱਧ ਹੋਇਆ। ਭਾਈ ਬਚਿੱਤਰ ਸਿੰਘ ਤੇ ਕੁਝ ਹੋਰ ਸੂਰਮੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਬੇਸ਼ੁਮਾਰ ਸਾਹਿਤਕ ਸਰਮਾਇਆ ਤੇ ਇਤਿਹਾਸਕ-ਧਾਰਮਿਕ ਗ੍ਰੰਥ ਸਿਰਸਾ ਨਦੀ ਦੀ ਭੇਟ ਚੜ੍ਹ ਗਏ। ਸਿਰਸਾ ਕਿਨਾਰੇ ਹੀ ਕਲਗੀਧਰ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਗੁਰੂ ਪਰਿਵਾਰ ਤਿੰਨ ਹਿੱਸਿਆਂ ਤੇ ਤਿੰਨ ਦਿਸ਼ਾਵਾਂ ‘ਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਤੇ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਗਿਣਤੀ ਦੇ ਸਿੰਘ ਚਮਕੌਰ ਦੀ ਕੱਚੀ ਗੜ੍ਹੀ ‘ਚ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਨਾਲ ਇੱਕ ਪਾਸੇ ਨੂੰ ਚੱਲ ਪਏ। ਚਮਕੌਰ ਦੀ ਕੱਚੀ ਗੜ੍ਹੀ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਚਾਲੀ ਸਿੰਘਾਂ ਨੇ ਦਸ ਲੱਖ ਫ਼ੌਜ ਦਾ ਮੁਕਾਬਲਾ ਬੇਮਿਸਾਲ ਬਹਾਦਰੀ ਨਾਲ ਕੀਤਾ। ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪੰਥ ਦੀ ਸਰਵਉੱਚਤਾ ਦਾ ਪੰਜ ਪਿਆਰਿਆਂ ਦੇ ਰੂਪ ਵਿਚ ਸਵੀਕਾਰ ਤੇ ਸਤਿਕਾਰ ਕਰਦਿਆਂ ਗੁਰੂ ਚੇਲੇ ਦੀ ਅਭੇਦਤਾ ਦੇ ਸਿਧਾਂਤ ਨੂੰ ਪ੍ਰਗਟ ਕੀਤਾ। ਗੁਰੂ-ਪੰਥ ਦੇ ਹੁਕਮ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਦਲਾਂ ਨੂੰ ਚੀਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਦੇ ਵਾਸੀ ਬਣੇ। ਧੰਨ ਦੇ ਲਾਲਚ ਵਿਚ ਗੰਗੂ ਰਸੋਈਏ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਫੜਾਉਣ ਦੀ ਮੁਖ਼ਬਰੀ ਕੀਤੀ ਸੀ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨੇ ਬੰਦੀ ਬਣਾ, ਠੰਢੇ ਬੁਰਜ ‘ਚ ਕੈਦ ਕਰ ਦਿੱਤਾ।
ਬੁਰਜ ਆਮ ਕਰਕੇ ਕਿਲ੍ਹਿਆਂ, ਸ਼ਾਹੀ ਮਹਿਲਾਂ ਦੇ ਕਿਨਾਰੇ ਜਾਂ ਖੁੱਲ੍ਹੇ ‘ਚ ਉੱਚੇ ਉਸਾਰੇ ਜਾਂਦੇ ਹਨ। ਬੁਰਜ ਗੋਲਕਾਰ, ਚਕੌਣੇ ਜਾਂ ਅਠਕੋਣੇ ਹੁੰਦੇ ਹਨ, ਜਿਨ੍ਹਾਂ ਤੋਂ ਸੁਰੱਖਿਆ ਕਰਮਚਾਰੀ ਚੁਫੇਰੇ ਦੇਖ ਸਕਦੇ ਸਨ। ਪੋਹ ਦਾ ਮਹੀਨਾ ਤੇ ਉੱਚਾ ਖੁੱਲ੍ਹਾ ਬੁਰਜ ਵਿੱਚ ਮੁਸੀਬਤਾਂ ਨਾਲ ਜੂਝ ਰਹੀ ਮਾਤਾ ਨੇ ਆਪਣੇ ਪੋਤਰਿਆਂ ਨੂੰ ਕਿਵੇਂ ਆਪਣੇ ਬਜ਼ੁਰਗ ਸਰੀਰ ਦੀ ਗਰਮਾਇਸ਼ ਨਾਲ ਗਰਮ ਰੱਖਿਆ ਹੋਵੇਗਾ, ਇਸ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ। ਵਜ਼ੀਰ ਖਾਂ ਦੀ ਕਚਹਿਰੀ ਵਿਚ ਭੇਜਣ ਸਮੇਂ ਮਾਤਾ ਗੁਜਰੀ ਜੀ ਨੂੰ ਪਤਾ ਸੀ ਕਿ ਉਸ ਦੇ ਲਾਲਾਂ ਨੇ ਸ਼ਹੀਦ ਹੋ ਜਾਣਾ ਹੈ। ਸੂਬੇਦਾਰ ਸਰਹਿੰਦ ਵਜ਼ੀਰ ਖਾਂ ਤੇ ਕਾਜ਼ੀ ਦੇ ਵਕਤੀ-ਖੁਸ਼ਾਮਦ ਭਰਪੂਰ ਫ਼ਤਵਾ ਸੁਣਾਉਣ ‘ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਫਤਹਿ ਸਿੰਘ, ਗੁਰੂ ਗੋਬਿੰਦ ਸਿੰਘ ਦੇ ਲਾਡਲੇ ਲਾਲ ਛੋਟੇ ਸਾਹਿਬਜ਼ਾਦੇ ਸਨ ਜਿਨ੍ਹਾਂ ਦੀ ਅਗਵਾਈ ਵਿਚ ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਕਾਰਜਸ਼ੀਲ ਹਨ। ਸਰਹਿੰਦ ਦਾ ਸ਼ਹੀਦੀ ਸਾਕਾ ਵਾਪਰਨ ‘ਤੇ ਸੰਸਾਰ ਵਿੱਚ ਹਾਹਾਕਾਰ ਮਚ ਗਈ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਦਾਸਤਾਨ ਸੁਣ ਕੇ ਗੁਰੂ ਜੀ ਗ਼ਮਗੀਨ ਨਹੀਂ ਹੋਏ ਸਗੋਂ ਫ਼ਖਰ ਨਾਲ ਕਿਹਾ ਸੀ:
ਇਨ ਪੁਤ੍ਰਨ ਕੇ ਸੀਸ ਮੈ ਵਾਰ ਦੀਏ ઠਸੁਤ ਚਾਰ।
ਚਾਰ ਮੁਏ ਤੋਂ ਕਿਆ ਭਲਾ ਜੀਵਤ ਕਈ ਹਜ਼ਾਰ।
ਸਰਹਿੰਦ ਦੇ ਦਰਦਮਈ ਸਾਕੇ ‘ਤੇ ਨਵਾਬ ਮਾਲੇਰਕੋਟਲੇ, ਮੋਤੀ ਮਹਿਰੇ ਤੇ ਦੀਵਾਨ ਟੋਡਰ ਮੱਲ ਨੇ ਹਾਅ ਦਾ ਨਾਅਰਾ ਮਾਰਿਆ। ਦਸਮੇਸ਼ ਪਿਤਾ ਨੇ ਸਿੱਖੀ ਦੇ ਬਾਗ਼ ਨੂੰ ਪਿਤਾ, ਸਾਹਿਬਜ਼ਾਦਿਆਂ, ਬਜ਼ੁਰਗ ਮਾਤਾ, ਤਿੰਨ ਪਿਆਰੇ, ਭਾਈ ਸੰਗਤ ਸਿੰਘ ਜੀ, ਭਾਈ ਜੀਵਨ ਸਿੰਘ ਜੀ ਵਰਗੇ ਮਹਾਨ ਗੁਰਸਿੱਖਾਂ ਦੇ ਪਵਿੱਤਰ ਖ਼ੂਨ ਨਾਲ ਸਿੰਝ ਕੇ ਖੜਾਓ ਬਖਸ਼ਿਸ਼ ਕੀਤਾ। ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਕਥਨੀ-ਕਰਨੀ ਤੇ ਕਿਰਦਾਰ ਦੇ ਸੂਰਮੇ ਤੇ ਸੂਰਬੀਰ-ਬਚਨ ਕੇ ਬਲੀ ਸ਼ਹੀਦ ਸਨ। ਇਸ ਸ਼ਹੀਦੀ ਹਫ਼ਤੇ ਸਮੇਂ ਸਾਡਾ ਕਾਰ-ਵਿਹਾਰ, ਅਚਾਰ, ਰਹਿਣ-ਸਹਿਣ ਤੇ ਖਾਣ-ਪੀਣ ‘ਚ ਫ਼ਰਕ ਦਿਖਾਈ ਦੇਣਾ ਚਾਹੀਦਾ ਹੈ। ਨਿੱਜੀ ਰੂਪ ਵਿਚ ਅਸੀਂ ਭਾਵੇਂ ਸਾਰੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ઠਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਨਹੀਂ ਪਹੁੰਚ ਸਕਦੇ, ਪਰ ਸਾਨੂੰ ਇਨ੍ਹਾਂ ਦਿਨਾਂ ਦੇ ਸਦਮੇ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ। ਇਹ ਸਾਡਾ ਕੌਮੀ ਸ਼ਹੀਦੀ ਹਫ਼ਤਾ ਹੈ ਇਸ ਦੌਰਾਨ ਖ਼ੁਸ਼ੀ ਦੇ ਪ੍ਰੋਗਰਾਮ ਨਹੀਂ ਰੱਖਣੇ ਚਾਹੀਦੇ, ਇਸ ਕੌਮੀ ਸ਼ਹੀਦੀ ਸਭਾ ਦੇ ਦਿਨਾਂ ‘ਚ ਗੰਭੀਰਤਾ ਹੋਵੇ ਤੇ ਗ਼ਮ ਦਾ ਅਹਿਸਾਸ ਹੋਣਾ ਚਾਹੀਦਾ ਹੈ।

Check Also

ਪੁੱਤਰ ਮੋਹ

ਡਾ. ਰਾਜੇਸ਼ ਕੇ ਪੱਲਣ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਅਜੇ ਵੀ ਪੁੱਤਰ-ਮੋਹ ਨਾਲ ਇਸ ਤਰ੍ਹਾਂ ਦੇ …